ਪੰਨਾ:ਨੂਰੀ ਦਰਸ਼ਨ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਭੀ ਓਹਨੂੰ ਕਲ ਅਜ਼ਮਾਵਾਂ
'ਗੋਲੀ ਬਣਕੇ ਭੇਸ ਵਟਾਵਾਂ

'ਨਿਕਾ ਜਿਹਾ ਓਹ ਚੰਦ ਦੋਬਾਲਾ
'ਜੇ ਹੋਵੇਗਾ ਕਰਨੀ ਵਾਲਾ

'ਤਾਂਤੇ ਮੈਨੂੰ ਜਾਣ ਲਵੇਗਾ
ਅੱਖਾਂ ਦੇ ਵਿਚ ਛਾਣ ਲਵੇਗਾ ।'

ਦਿਨ ਚੜ੍ਹਿਆ ਤੇ ਗੁਰੂ ਪਿਆਰੇ
ਆ ਗਏ ਮਹਿਲੀਂ ਦੇਣ ਨਜ਼ਾਰੇ

ਪਟਰਾਣੀ ਭੀ ਭੇਸ ਵਟਾਕੇ
ਬਾਂਦੀ ਵਾਲੇ ਲੀੜੇ ਪਾਕੇ

ਬਹਿ ਗਈ ਗੋਲੀਆਂ ਅੰਦ੍ਰ ਜਾਕੇ
ਸਾਰਾ ਆਪਣਾ ਆਪ ਲੁਕਾਕੇ

ਜਾਣੀ ਜਾਣ ਜਦੋਂ ਉਹ ਆਏ
ਆ ਰਾਣੀ ਦੇ ਮਤਲਬ ਪਾਏ

ਸਭਨਾਂ ਵੱਲੇ ਨਜ਼ਰਾਂ ਪਾਂਦੇ
ਸੋਟੀ ਲਾ ਲਾ ਆਂਹਦੇ ਜਾਂਦੇ

'ਏਹ ਨਹੀਂ ਰਾਣੀ ਏਹ ਨਹੀਂ ਰਾਣੀ
ਏਹ ਵੀ ਹੈ ਕੋਈ ਹੋਰ ਸਵਾਣੀ ।'

ਲੁਕੀ ਹੋਈ ਉਹ ਨੇਕ ਸਵਾਣੀ
ਫੜ ਲਈ ਏਦਾਂ ਓੜਕ ਰਾਣੀ

ਜਿਉਂ ਪਾਪੀ ਨੂੰ 'ਬਖਕਸ਼' ਆਕੇ
ਫੜ ਲਏ ਬਾਹੋਂ, ਕਰਮ ਭੁਲਾਕੇ ।

ਪੱਟ ਉਤੇ ਜਾ ਬੈਠੇ ਪਿਆਰੇ
ਆਖਣ ਲੱਗੇ ਰਾਜ ਦੁਲਾਰੇ:-

'ਹੈ ਨਾ ਲੱਭ ਲਿਆ ਮੈਂ ਤੈਨੂੰ
ਹੁਣ ਤੇ ਮੰਨੇਗੀ ਨਾ ਮੈਨੂੰ ?'

੮੨