ਗੋਰੇ ਮੁੱਖ ਤੇ ਇਸਤਰਾਂ ਜ਼ਰਦੀਆਂ ਸਨ,
ਹੁੰਦਾ ਰੰਗ ਏ ਜਿਸਤਰਾਂ ਰੋਗਨਾਂ ਦਾ ।
ਖੁੱਲੇ ਹੋਏ ਸਨ ਰਿਸ਼ਮਾਂ ਦੇ ਕੇਸ ਬੱਗੇ,
ਬੱਧਾ ਹੋਯਾ ਸੀ ਸੰਦਲਾ ਸੋਗਨਾਂ ਦਾ ।
ਮੱਥੇ ਸ਼ੁੱਕ੍ਰ ਬ੍ਰਹਸਪਤ ਨੂੰ ਵੇਖ ਕੇ ਤੇ,
ਹੁੰਦਾ ਪਿਆ ਸੀ ਭਰਮ ਕਲਜੋਗਨਾਂ ਦਾ ।
ਦਰਦ ਵੰਦਾਂ ਦੇ ਕਾਲਜੇ ਪੱਛਦੀ ਸੀ,
ਚਾਘੜ ਹੱਥੜੇ ਖ਼ੁਸ਼ੀ ਪੈ ਹੋਵੰਦੇ ਸਨ ।
ਨਿੰਮ੍ਹੀ ਵਾ ਤਰੇਲ ਪਈ ਡਿੱਗਦੀ ਸੀ,
ਫੁੱਲ ਹੱਸਦੇ ਤੇ ਤਾਰੇ ਰੋਂਵਦੇ ਸਨ ।
ਦੌਲਤ ਦਰਦ ਦੀ ਖਿਲਰੀ ਪੁੱਲਰੀ ਓਹ,
ਕੱਠੀ ਕੀਤੀ ਮੈਂ ਬੜੇ ਅਨੰਦ ਅੰਦਰ ।
ਅਦਬ ਨਾਲ ਮੈਂ ਪਹੁੰਚਿਆ ਸੀਸ ਪਰਨੇ,
ਮਾਛੀ ਵਾੜੇ ਦੇ ਕਦੀ ਸਾਂ ਪੰਧ ਅੰਦਰ ।
ਦੋ ਲਾਲ ਸਿਰ-ਹਿੰਦ ਦੇ ਚੁਣੇ ਵੇਖੇ,
ਲਿਸ਼ਕਾਂ ਮਾਰਦੇ ਕਦੀ ਸਰਹੰਦ ਅੰਦਰ ।
ਚੰਦੂ ਚੰਦਰੇ ਦੀ ਲੋਹ ਯਾਦ ਆ ਗਈ,
ਜਦੋਂ ਵੇਖਿਆ ਉਤ੍ਹਾਂ ਮੈਂ ਚੰਦ ਅੰਦਰ ।
ਨਿਕਲੀ ਚੰਦ ਦੇ ਸੀਨਿਓਂ ਰਿਸ਼ਮ ਐਸੀ
ਆ ਗਈ ਸਿੱਖ ਇਤਹਾਸ ਦਾ ਇਲਮ ਬਣਕੇ ।
ਮੈਨੂੰ ਦਿੱਲੀ ਦਾ ਸ਼ਹਿਰ ਦਿਖਾ ਦਿੱਤਾ ।
ਓਹਨੇ ਢਾਈ ਸੈ ਵਰਹੇ ਦਾ ਫ਼ਿਲਮ ਬਣਕੇ ।
ਡਿੱਠਾ ਪਿੰਜਰਾ ਲੋਹੇ ਦਾ ਇੱਕ ਬਣਿਆ,
ਜੀਹਦੇ ਵਿਚ ਭੀ ਸਨ ਸੂਏ ਜੜੇ ਹੋਏ ।
ਓਹਦੇ ਵਿਚ ਇੱਕ ਰੱਬੀ ਉਤਾਰ ਵੇਖੇ,
ਬੁਲਬੁਲ ਵਾਂਗ ਬੇਦੋਸੇ ਹੀ ਫੜੇ ਹੋਏ ।
੮੮