ਪੰਨਾ:ਨੂਰੀ ਦਰਸ਼ਨ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸੀਖਾਂ ਤਿੱਖੀਆਂ ਵਾੜ ਸੀ ਕੰਡਿਆਂ ਦੀ,
ਫੁੱਲ ਵਾਂਗ ਵਿਚਕਾਰ ਸਨ ਖੜੇ ਹੋਏ ।
ਚੀਂਘਾਂ ਖੁੱਭੀਆਂ ਤੇ ਰਗੜਾਂ ਛਿੱਲ ਦਿੱਤੇ,
ਹੱਥ ਪੈਰ ਵਿੱਚ ਬੇੜੀਆਂ ਕੜੇ ਹੋਏ ।

ਰੋਮ ਦਾੜ੍ਹੇ ਪਵਿੱਤ੍ਰ ਦੇ ਖਿੱਲਰੇ ਓਹ,
ਕਿਰਨਾਂ ਚਮਕੀਆਂ ਹੋਈਆਂ ਅਕਾਸ਼ ਅੰਦਰ ।
ਹੈਸੀ ਓਸ ਪ੍ਰਦੇਸੀ ਦਾ ਹਾਲ ਏਦਾਂ,
ਜਿਵੇਂ ਸੂਰਜ ਹੋਵੇ *ਤੁਲਾ ਰਾਸ ਅੰਦਰ ।

ਉੱਠਣ ਲੱਗਿਆਂ ਰੱਬ ਦੀ ਯਾਦ ਅੰਦਰ,
ਸੂਏ ਸਾਮ੍ਹਣੇ ਸੀਨੇ ਨੂੰ ਵੱਜਦੇ ਸਨ ।
ਵੱਜ ਵੱਜ ਕੇ ਭੁਰਭੁਰੀ ਸੂਲ ਵਾਂਗੂੰ,
ਫੱਟਾਂ ਡੂੰਘਿਆਂ ਵਿੱਚ ਹੀ ਭੱਜਦੇ ਸਨ ।
ਕਾਲੇ ਬਿਸੀਅਰ ਪਹਾੜਾਂ ਦੇ ਆਏ ਹੋਏ,
ਡੰਗ ਮਾਰਦੇ ਮੂਲ ਨ ਰੱਜਦੇ ਸਨ ।
ਪਹਿਰੇਦਾਰ ਬੀ ਧੂੜ ਕੇ ਲੂਣ ਜ਼ਾਲਮ,
ਉੱਤੋਂ ਵਹਿੰਦੀਆਂ ਰੱਤਾਂ ਨੂੰ ਕੱਜਦੇ ਸਨ ।

ਫ਼ਤਹ ਸਿੰਘ ਨੇ ਜਿਨ੍ਹਾਂ ਨੂੰ ਨਾਲ ਲੈਕੇ,
ਫ਼ਤਹ ਪਾਈ ਸੀ ਮੁਲਕ ਆਸਾਮ ਉੱਤੇ ।
ਘੇਰਾ ਪਿਆ ਸੀ ਸੈਂਕੜੇ ਸੂਲੀਆਂ ਦਾ,
ਅਜ ਓਸੇ ਮਨਸੂਰ ਵਰਯਾਮ ਉੱਤੇ ।

ਇਕ ਕੈਦ ਪ੍ਰਦੇਸ ਦੀ ਸਾਂਗ ਸੀਨੇ,
ਤੇਹ ਭੁੱਖ ਪਈ ਦੂਸਰੀ ਮਾਰ ਦੀ ਏ ।
ਤੀਜੀ ਖੇਡਦੀ ਅੱਖੀਆਂ ਵਿੱਚ ਪੁਤਲੀ,
ਨੌਵਾਂ ਵਰਿਹਾਂ ਦੇ ਦਸਮ ਦਿਲਦਾਰ ਦੀ ਏ ।


  • ਤੁਲਾ ਰਾਸ਼ੀ ਵਿੱਚ ਸੂਰਜ ਕੈਦੀ ਵਾਂਗ ਹੁੰਦਾ ਹੈ ।

੮੯.