ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/127

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ




ਜੋੜ ਤਾਂ ਜੁੜਦਾ ਨਹੀਂ
ਨਿਲੱਜਿਓ ਲੱਜ ਤੁਹਾਨੂੰ ਨਹੀਂ

ਪੈਸਾ ਪੈਸਾ ਸਾਡੇ ਪਿੰਡਾਂ ਜੀ ਪਾਓ
ਲਾੜੇ ਜੋਗਾ ਤੁਸੀਂ ਬਾਜਾ ਮੰਗਾਓ
ਜੰਨ ਤੇ ਸਜਦੀ ਨਹੀਂ
ਨਿਲੱਜਿਓ ਲੱਜ ਤੁਹਾਨੂੰ ਨਹੀਂ

ਆਏ ਬਰਾਤੀਆਂ ਤੇ ਵਯੰਗ ਕਸੇ ਜਾਂਦੇ ਹਨ। ਨਾ ਉਹਨਾਂ ਵਲੋਂ ਲਿਆਂਦੀ ਵਰੀ ਉਹਨਾਂ ਦੇ ਪਸੰਦ ਹੈ ਤੇ ਨਾ ਹੀ ਆਏ ਬਰਾਤੀ ਉਹਨਾਂ ਨੂੰ ਚੰਗੇ ਲੱਗਦੇ ਹਨ। ਉਹ ਬਰਾਤੀਆਂ ਦਾ ਮਖੌਲ ਉਡਾਉਂਦੀਆਂ ਹਨ:-

ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਵਰੀ ਪੁਰਾਣੀ ਲਿਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਕੀ ਕੀ ਵਸਤ ਲਿਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਬੁਢੜੇ ਕਾਹਨੂੰ ਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਗੱਭਰੂ ਕਿਉਂ ਨਾ ਲਿਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਸਾਰੇ ਆਂਢਲ ਆਏ

ਪਹਿਲੇ ਸਮਿਆਂ ਵਿੱਚ ਬਰਾਤਾਂ ਤਿੰਨ ਦਿਨ ਠਹਿਰਿਆ ਕਰਦੀਆਂ ਸਨ। ਇਕ ਦਿਨ ਆਉਣ ਦਾ ਤੇ ਇਕ ਦਿਨ ਵਦਾਇਗੀ ਦਾ। ਫੇਰ ਦੋ ਦਿਨ ਠਹਿਰਨ ਲੱਗੀਆਂ ਤੇ ਅਜ ਕਲ ਤਾਂ ਇਕ ਦਿਨ ਵਿੱਚ ਹੀ ਸਾਰੇ ਕਾਰਜ ਪੂਰੇ ਜਾਂਦੇ ਹਨ।
ਜਨ ਦਾ ਉਤਾਰਾ ਜਨ-ਘਰ ਜਾਂ ਧਰਮਸ਼ਾਲਾ ਵਿੱਚ ਕਰਵਾਇਆ ਜਾਂਦਾ ਸੀ। ਪਹਿਲੀ ਰਾਤ ਦੀ ਰੋਟੀ ਘਿਉ-ਬੂਰੇ ਜਾਂ ਚੌਲ ਸ਼ੱਕਰ ਨਾਲ ਦਿੱਤੀ ਜਾਂਦੀ ਸੀ ਇਸ ਨੂੰ "ਕੁਆਰੀ ਰੋਟੀ" ਜਾਂ "ਮਿੱਠੀ ਰੋਟੀ" ਆਖਦੇ ਸਨ। ਗੈਸਾਂ ਅਤੇ ਲਾਲਟੈਣਾਂ ਦੇ ਚਾਨਣ ਵਿੱਚ ਬਰਾਤੀ ਕੋਰਿਆਂ ਉੱਤੇ ਬੈਠ ਕੇ ਰੋਟੀ ਛਕਦੇ। ਵਰਤਾਵੇ ਜਿਨ੍ਹਾਂ ਨੂੰ ਮਾਲਵੇ ਵਿੱਚ ਪਰੀਹੇ ਆਖਿਆ ਜਾਂਦਾ ਹੈ ਕੱਲੀ ਕੱਲੀ ਲਾਈਨ ਵਿੱਚ ਜਾਕੇ ਸ਼ਕਰ, ਬੂਰਾ ਤੇ ਘਿਓ ਆਦਿ ਵਰਤਾਉਂਦੇ। ਮਿੱਠੀ ਰੋਟੀ ਵੇਲੇ ਲਾੜਾ ਬਰਾਤ ਨਾਲ ਨਹੀਂ ਸੀ ਜਾਂਦਾ, ਉਸ ਦੀ ਰੋਟੀ ਡੇਰੇ ਭੇਜੀ ਜਾਂਦੀ ਸੀ। ਬਰਾਤੀਆਂ ਨੇ ਰੋਟੀ ਖਾਣੀ ਸ਼ੁਰੂ ਕਰਨੀ ਓਧਰ ਬਨੇਰਿਆਂ ਤੇ ਬੈਠੀਆਂ ਸੁਆਣੀਆਂ ਨੇ ਸਿੱਠਣੀਆਂ ਦਾ ਨਿਸ਼ਾਨਾ ਕੁੜਮ ਨੂੰ ਬਨਾਉਣਾ:-

ਕੁੜਮ ਚੱਲਿਆ ਗੰਗਾ ਦਾ ਨਾਉਣ
ਹਰ ਗੰਗਾ ਨਰੈਣ ਗੰਗਾ
ਪਹਿਲੇ ਗੋਤੇ ਗਿਆ ਪਤਾਲ਼
ਹਰ ਗੰਗਾ ਨਰੈਣ ਗੰਗਾ
ਮੱਛੀ ਨੇ ਫੜ ਲਿਆ ਮੁੱਛ ਦਾ ਵਾਲ਼
ਹਰ ਗੰਗਾ ਨਰੈਣ ਗੰਗਾ

121