ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/13

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
ਮੁੱਢਲੇ ਸ਼ਬਦ

ਲੋਕਧਾਰਾ ਸਮੁੱਚੇ ਸੰਸਾਰ ਦੇ ਸਭਿਆਚਾਰਾਂ ਵਿੱਚ ਇੱਕ ਜੀਵੰਤ ਕਿਰਿਆਸ਼ੀਲ, ਸੁਨਿਸ਼ਚਤ ਪ੍ਰਬੰਧ ਅਤੇ ਵਰਤਾਰਾ ਹੈ ਜਿਹੜਾ ਹਰ ਸਭਿਆਚਾਰ ਨਾਲ ਸਬੰਧਤ ਵਿਅਕਤੀਆਂ ਦੇ ਵਿਹਾਰ, ਰਹਿਣ ਸਹਿਣ, ਖਾਣ ਪੀਣ ਅਤੇ ਮਾਨਸਿਕ ਕਿਰਿਆਵਾਂ ਤੇ ਵਿਸ਼ਵਾਸਾਂ ਦੇ ਪ੍ਰਬੰਧ ਨੂੰ ਨਿਰਧਾਰਿਤ ਵੀ ਕਰਦਾ ਹੈ ਅਤੇ ਇਸ ਸਭਿਆਚਾਰਕ ਪਰਕਿਰਿਆ ਵਿਚੋਂ ਲੋਕਧਾਰਾਂ ਨੂੰ ਨਿਰਮਤ ਵੀ ਕਰਦਾ ਹੈ।

ਪਹਿਲਾਂ ਪਹਿਲ ਲੋਕਧਾਰਾ ਨੂੰ ਪਰੰਪਰਾ ਦੀ ਰਹਿੰਦ ਖੂੰਹਦ ਸਮਝ ਕੇ ਹੀ ਕੋਈ ਬਹੁਤੀ ਮਹੱਤਤਾ ਨਹੀਂ ਸੀ ਦਿੱਤੀ ਜਾਂਦੀ। ਇਹ ਖੇਤਰ ਵਿਦਵਾਨਾਂ ਵੱਲੋਂ ਬਹੁਤ ਦੇਰ ਅਣਗੌਲ਼ਿਆ ਹੀ ਰਿਹਾ। ਲੋਕਧਾਰਾ ਦੇ ਰੂਪਾਂ ਅਤੇ ਵੰਗਨੀਆਂ ਵੱਲ ਸਭ ਤੋਂ ਪਹਿਲਾਂ ਸਾਹਿਤ ਸਿਰਜਣਾਂ ਕਰਨ ਵਾਲੇ ਸਾਹਿਤਕਾਰਾਂ ਦਾ ਹੀ ਧਿਆਨ ਗਿਆ। ਉਨ੍ਹਾਂ ਨੇ ਬਹੁਤ ਸਾਰੀਆਂ ਮਿੱਥਾਂ, ਦੰਦ ਕਥਾਵਾਂ ਅਤੇ ਲੋਕ ਕਹਾਣੀਆਂ ਨੂੰ ਆਧਾਰ ਬਣਾ ਕੇ ਆਪਣੀਆਂ ਰਚਨਾਵਾਂ ਦੀ ਸਿਰਜਣਾ ਕੀਤੀ। ਉਸ ਤੋਂ ਬਾਅਦ ਕਈ ਸਾਹਿਤਕਾਰ ਆਪਣੀਆਂ ਰਚਨਾਵਾਂ ਵਿੱਚ ਲੋਕ ਸਾਹਿਤ ਰੂਪਾਂ ਦੀਆਂ ਵੰਨਗੀਆਂ ਦਾ ਇਸਤੇਮਾਲ ਕਰਨ ਲੱਗੇ। ਆਪਣੀਆਂ ਰਚਨਾਵਾਂ ਨੂੰ ਖੂਬਸੂਰਤ ਬਣਾਉਣ ਲਈ ਉਹ ਆਪਣੀਆਂ ਰਚਨਾਵਾਂ ਵਿੱਚ ਲੋਕ ਸਾਹਿਤ ਦੇ ਰੂਪਾਂ ਅਖਾਣਾਂ, ਮੁਹਾਵਰਿਆਂ ਅਤੇ ਬੁਝਾਰਤਾਂ ਨੂੰ ਸ਼ਾਮਿਲ ਕਰਨ ਲੱਗੇ। ਉਹਨਾਂ ਨੇ ਲੋਕ ਸਾਹਿਤ ਦੇ ਛੰਦਾਂ ਦੀ ਵੀ ਭਰਪੂਰ ਵਰਤੋਂ ਕੀਤੀ। ਜਿਹੜੀ ਰਚਨਾ ਵਿੱਚ ਲੋਕ ਸਾਹਿਤ ਦੀਆਂ ਵੰਨਗੀਆਂ ਦੀ ਵਧੇਰੇ ਵਰਤੋਂ ਹੁੰਦੀ ਸੀ ਉਹ ਲੋਕਾਂ ਵਿੱਚ ਜ਼ਿਆਦਾ ਮਕਬੂਲ ਹੁੰਦੀ ਸੀ। ਹੌਲੀ ਹੌਲੀ ਲੋਕਧਾਰਾ ਨੇ ਆਪਣੀ ਵੱਖਰੀ ਅਤੇ ਨਿਵੇਕਲੀ ਪਛਾਣ ਕਾਇਮ ਕਰ ਲਈ। ਇੰਜ ਲੋਕਧਾਰਾ ਹੁਣ ਕੇਵਲ ਲੋਕਾਂ ਦੇ ਮਨੋਰੰਜਨ ਦੀ ਸਮੱਗਰੀ ਹੀ ਨਹੀਂ ਰਹਿ ਗਈ ਸਗੋਂ ਇਹ ਦੂਜੇ ਸਮਾਜ ਵਿਗਿਆਨਾਂ ਵਾਂਗ ਲੋਕਧਾਰਾ ਸ਼ਾਸਤਰ ਦਾ ਦਰਜਾ ਵੀ ਹਾਸਲ ਕਰ ਗਈ ਹੈ। ਵਿਦਵਾਨਾਂ ਦਾ ਮੱਤ ਹੈ ਕਿ ਲੋਕਧਾਰਾ ਇੱਕ ਇਤਿਹਾਸਕ ਵਿਗਿਆਨ ਹੈ। ਇਤਿਹਾਸਕ ਇਸ ਲਈ ਕਿ ਉਹ ਮਨੁੱਖੀ ਜੀਵਨ ਦੇ ਭੂਤਕਾਲੀ ਇਤਿਹਾਸ ਉੱਪਰ ਰੌਸ਼ਨੀ ਪਾਉਂਦਾ ਹੈ। ਲੋਕਧਾਰਾ ਵਿਗਿਆਨ ਇੱਕ ਵਿਹਾਰਕ ਵਿਗਿਆਨ ਵੀ ਹੈ।ਵਿਹਾਰਕ ਇਸ ਲਈ ਕਿ ਇਹ ਕਿਸੇ ਸਮਾਜਕ ਪ੍ਰਾਣੀ ਦੇ ਸਭਿਆਚਾਰਕ ਵਿਹਾਰ ਨੂੰ ਨਿਸ਼ਚਿਤ ਕਰਦਾ ਹੈ। ਲੋਕਧਾਰਾ ਵਿਗਿਆਨ ਹੁਣ ਕੇਵਲ ਅੰਦਾਜ਼ਿਆਂ ਜਾਂ ਪੂਰਵ ਨਿਸ਼ਚਿਤ ਨਤੀਜਿਆਂ ਦੇ ਆਧਾਰ ਉਪਰ ਹੀ ਕੰਮ ਨਹੀਂ ਕਰਦਾ ਸਗੋਂ ਦੂਜੇ ਵਿਗਿਆਨਾਂ ਵਾਂਗ Inductive ਵਿਧੀ ਨਾਲ ਵਿਗਿਆਨਕ ਖੋਜ ਕਰਦਾ ਹੈ। ਲੋਕਧਾਰਾ ਵਿਗਿਆਨ ਉਨ੍ਹਾਂ ਸਮਾਜ ਵਿਗਿਆਨਾਂ ਵਿਚੋਂ ਇੱਕ ਹੈ ਜੋ ਸਭਿਆਚਾਰਾਂ ਅਤੇ ਸਭਿਆਤਾਵਾਂ ਦਾ ਅਧਿਐਨ ਕਰਦਾ ਹੈ। ਲੋਕਧਾਰਾ ਦਾ ਇਹ ਅਧਿਐਨ ਸਭਿਆਚਾਰਾਂ ਦੇ ਪੈਟਰਨ ਲੱਭਣ ਅਤੇ ਮਨੁੱਖੀ ਵਿਹਾਰ ਦੇ ਨਿਯਮਾਂ ਨੂੰ ਨਿਸ਼ਚਿਤ ਕਰਨ ਦਾ ਯਤਨ 9