ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/131

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਮੋਸ਼ੀ ਦਾ ਮਾਰਿਆ ਲਾੜਾ ਤਾਂ ਨਿਗਾਹ ਚੁੱਕ ਕੇ ਬਨੇਰਿਆਂ ਤੇ ਬੈਠੀਆਂ ਮੁਟਿਆਰਾਂ ਵਲ ਝਾਕਣ ਦੀ ਜੁਰਅਤ ਵੀ ਨਹੀਂ ਕਰ ਸਕਦਾ। ਜਦੋਂ ਵੇਖਦਾ ਹੈ ਝਟ ਟੋਕਾ ਟਾਕੀ ਸ਼ੁਰੂ ਹੋ ਜਾਂਦੀ ਹੈ:-

ਲਾੜਿਆ ਆਪਣੀਆਂ ਵਲ ਵੇਖ ਵੇ
ਕਿਉਂ ਲਵੇਂ ਪਰਾਈਆਂ ਬਿੜਕਾਂ
ਘਰ ਭੈਣ ਜੁ ਤੇਰੀ ਕੰਨਿਆ ਕੁਮਾਰੀ
ਤੂੰ ਉਹਦਾ ਦੇ ਦੇ ਸਾਕ ਵੇ
ਕਿਉਂ ਲਵੇਂ ਪਰਾਈਆਂ ਬਿੜਕਾਂ
ਤੂੰ ਆਪਣੀਆਂ ਵਲ ਝਾਕ ਵੇ
ਕਿਉਂ ਲਵੇਂ ਪਰਾਈਆਂ ਬਿੜਕਾਂ

ਸਿੱਠਣੀਆਂ ਦੇਣ ਦਾ ਰਿਵਾਜ ਹੁਣ ਖਤਮ ਹੋ ਗਿਆ ਹੈ। ਇਕ ਦਿਨ ਦੇ ਵਿਆਹ ਨੇ, ਉਹ ਵੀ ਮੈਰਜ ਪੈਲੇਸਾਂ ਵਿੱਚ ਹੋਣ ਕਾਰਨ, ਵਿਆਹ ਦੀਆਂ ਸਾਰੀਆਂ ਰਸਮਾਂ ਤੇ ਰੌਣਕਾਂ ਸਮਾਪਤ ਕਰ ਦਿੱਤੀਆਂ ਹਨ। ਬਸ ਸ਼ੋਰ ਹੀ ਰਹਿ ਗਿਆ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਸਿੱਠਣੀਆਂ ਉਪਲਭਧ ਹਨ। ਇਹਨਾਂ ਨੂੰ ਸਾਂਭਣ ਦੀ ਅਤਿਅੰਤ ਲੋੜ ਹੈ। ਇਹ ਸਾਡੀ ਸੱਭਿਆਚਾਰਕ ਵਿਰਾਸਤ ਦਾ ਵੱਡਮੁੱਲਾ ਸਰਮਾਇਆ ਹਨ।

125