ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/14

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਰਦਾ ਹੈ। ਇਸ ਵਿਗਿਆਨ ਰਾਹੀਂ ਅਸੀਂ ਸੱਭਿਆਚਾਰ ਦੀਆਂ ਰੂੜ੍ਹੀਆਂ ਅਤੇ ਅਰਥਾਂ ਤੱਕ ਪਹੁੰਚ ਸਕਦੇ ਹਾਂ ਅਤੇ ਵਿਸ਼ਵ ਪੱਧਰ ਉਪਰ ਅਜੇਹੇ ਯਤਨ ਹੋ ਵੀ ਰਹੇ ਹਨ।
ਇਹ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ ਕਿ ਪੰਜਾਬੀ ਲੋਕਧਾਰਾ ਨਾਲ ਸੰਬੰਧਤ ਵਿਦਵਾਨ ਵੀ ਬਾਹਰਲੇ ਵਿਦਵਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੋਕਧਾਰਾ ਦੇ ਅਜੇਹੇ ਅਧਿਐਨ ਵਿੱਚ ਜੁਟੇ ਹੋਏ ਹਨ ਅਤੇ ਸੁਖਦੇਵ ਮਾਦਪੁਰੀ ਇਹਨਾਂ ਮੁਢਲੇ ਵਿਦਵਾਨਾਂ ਵਿਚੋਂ ਇੱਕ ਹੈ।
ਸੁਖਦੇਵ ਮਾਦਪੁਰੀ ਬਾਰਾਂ ਜੂਨ 1935 ਵਿਚ ਪਿੰਡ ਮਾਦਪੁਰ ਜਿਲ੍ਹਾ ਲੁਧਿਆਣਾ ਵਿਖੇ ਸਰਦਾਰ ਦਿਆ ਸਿੰਘ ਦੇ ਘਰ ਪੈਦਾ ਹੋਏ। ਆਪਣੀ ਉਚੇਰੀ ਵਿੱਦਿਆ ਪੂਰੀ ਕਰਨ ਉਪਰੰਤ ਇਹਨਾਂ ਨੇ ਅਧਿਆਪਨ ਦਾ ਕਿੱਤਾ ਅਪਣਾਇਆ। ਕੁਝ ਦੇਰ ਅਧਿਆਪਨ ਦੇ ਖੇਤਰ ਵਿੱਚ ਕਾਰਜਸ਼ੀਲ ਰਹਿਕੇ ਆਪ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਚਲੇ ਗਏ ਉੱਥੇ ਸਹਾਇਕ ਡਾਇਰੈਕਟਰ, ਮੈਗਜ਼ੀਨ ਵਜੋਂ ਕਾਰਜ ਕਰਦਿਆਂ ਬਾਲ ਸਾਹਿਤ ਦੇ ਰਸਾਲਿਆਂ "ਪੰਖੜੀਆਂ" ਅਤੇ "ਪ੍ਰਾਇਮਰੀ ਸਿੱਖਿਆ" ਦੇ ਸੰਪਾਦਨ ਦਾ ਕਾਰਜ ਵੀ ਸੰਭਾਲਦੇ ਰਹੇ।
ਲੋਕਧਾਰਾ ਨਾਲ ਉਹਨਾਂ ਦਾ ਸੰਬੰਧ 1956 ਵਿੱਚ ਹੀ ਜੁੜ ਗਿਆ ਸੀ ਜਦੋਂ ਉਹਨਾਂ ਦੀ ਪਹਿਲੀ ਪੁਸਤਕ "ਲੋਕ ਬੁਝਾਰਤਾਂ" ਨੇ ਸਾਹਿਤ ਜਗਤ ਵਿੱਚ ਪ੍ਰਵੇਸ਼ ਕੀਤਾ। ਉਸ ਤੋਂ ਬਾਅਦ ਤਾਂ ਜਿਵੇਂ ਉਹ ਲੋਕ ਸਾਹਿਤ ਦੇ ਹੀ ਹੋਕੇ ਰਹਿ ਗਏ ਅਤੇ ਹੇਠ ਉੱਪਰ ਹੀ ਕਈ ਪੁਸਤਕਾਂ ਪੰਜਾਬੀ ਲੋਕ ਸਾਹਿਤ ਜਗਤ ਨੂੰ ਦਿੱਤੀਆਂ। ਇਹਨਾਂ ਵਿੱਚ ‘ਜ਼ਰੀ ਦਾ ਟੋਟਾ', ‘ਗਾਉਂਦਾ ਪੰਜਾਬ', 'ਪੰਜਾਬ ਦੀਆਂ ਲੋਕ ਖੇਡਾਂ', 'ਨੈਣਾਂ ਦੇ ਵਣਜਾਰੇ', 'ਪੰਜਾਬ ਦੇ ਮੇਲੇ ਅਤੇ ਤਿਉਹਾਰ', 'ਆਉ ਨੱਚੀਏ', 'ਪੰਜਾਬੀ ਬੁਝਾਰਤਾਂ', 'ਫੁੱਲਾਂ ਭਰੀ ਚੰਗੇਰ' ਅਤੇ ‘ਭਾਰਤੀ ਲੋਕ ਕਹਾਣੀਆਂ' ਆਦਿ ਦਾ ਜ਼ਿਕਰ ਪੰਜਾਬੀ ਲੋਕਧਾਰਾ ਦੇ ਅਧਿਐਨ ਖੇਤਰ ਵਿੱਚ ਬੜੇ ਮਾਣ ਨਾਲ ਕੀਤਾ ਜਾ ਸਕਦਾ ਹੈ। ਇਹਨਾਂ ਤੋਂ ਇਲਾਵਾ ਇਹਨਾਂ ਦੀਆਂ ਬਹੁਤ ਸਾਰੀਆਂ ਸੰਪਾਦਤ ਅਤੇ ਅਨੁਵਾਦਿਤ ਪੁਸਤਕਾਂ ਵੀ ਹਨ ਜਿਨ੍ਹਾਂ ਵਿਚੋਂ 'ਬਾਲ ਕਹਾਣੀਆਂ', 'ਆਉ ਗਾਈਏ', 'ਮਹਾਂਬਲੀ ਰਣਜੀਤ ਸਿੰਘ’ ਅਤੇ ‘ਵਰਖਾ ਦੀ ਉਡੀਕ' ਦੇ ਨਾਂ ਲਏ ਜਾ ਸਕਦੇ ਹਨ।
ਇਹਨਾਂ ਦੀ ਘਾਲਣਾ ਨੂੰ ਮੁੱਖ ਰੱਖਦਿਆਂ ਭਾਸ਼ਾ ਵਿਭਾਗ ਪੰਜਾਬ, ਨੇ ਦੋ ਵਾਰੀ ਸਰਵੋਤਮ ਪੁਸਤਕ ਪੁਰਸਕਾਰ ਨਾਲ ਸਨਮਾਨਿਤ ਕੀਤਾ। 1995 ਵਿੱਚ ਇਹਨਾਂ ਨੂੰ "ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਪੁਰਸਕਾਰ" ਨਾਲ ਵੀ ਸਨਮਾਨਿਤ ਕੀਤਾ ਗਿਆ। ਇਹਨਾਂ ਇਨਾਮਾਂ ਪੁਰਸਕਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਾਹਿਤ ਸਭਾਵਾਂ ਅਤੇ ਸੰਸਥਾਵਾਂ ਨੇ ਸੁਖਦੇਵ ਮਾਦਪੁਰੀ ਦੇ ਇਤਿਹਾਸਕ ਮਹੱਤਤਾ ਵਾਲੇ ਕਾਰਜ ਨੂੰ ਮਾਨਤਾ ਦੇਂਦਿਆਂ ਉਹਨਾਂ ਨੂੰ ਮਾਣ ਸਨਮਾਨ ਦਿੱਤੇ ਹਨ।
ਵਿਸ਼ਵ ਪੱਥਰ ਉੱਪਰ ਭਾਵੇਂ ਲੋਕਧਾਰਾ ਦੀ ਪਛਾਣ ਅਤੇ ਇਸ ਦੇ ਇੱਕਤ੍ਰਰੀਕਰਣ ਦਾ ਕਾਰਜ 1711 ਈਸਵੀ ਵਿੱਚ ਬਿਸ਼ਪ ਥੌਮਸ ਪੇਰੀ ਦੇ ਯਤਨਾਂ ਨਾਲ ਹੋ ਚੁੱਕਾ ਸੀ ਪਰੰਤੂ ਭਾਰਤ ਵਿੱਚ ਇਹ ਕਾਰਜ ਸਰ ਵਿਲੀਅਮ ਜ਼ੋਨਜ ਵੱਲੋਂ ਸਥਾਪਤ ਕੀਤੀ ਗਈ 'ਏਸ਼ੀਆਟਕ ਸੋਸਾਇਟੀ ਆਫ ਬੰਗਾਲ’ ਦੀ ਸਥਾਪਨਾ ਨਾਲ ਹੀ ਸੰਭਵ ਹੋ ਸਕਿਆ ਹੈ। ਇਸ ਸੋਸਾਇਟੀ ਦੀ ਸਥਾਪਨਾ 1784 ਵਿੱਚ ਕੀਤੀ ਗਈ ਸੀ।
'ਪੰਜਾਬ ਨੋਟਸ ਐਂਡ ਕੁਆਇਰੀਜ਼’ ਦੇ ਅੰਕਾਂ ਵਿੱਚ ਪੱਛਮੀ, ਭਾਰਤੀ ਅਤੇ ਪੰਜਾਬੀ 10