ਸਮੱਗਰੀ 'ਤੇ ਜਾਓ

ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/16

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਲੜੀਆਂ ਬੋਲੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਹਨਾਂ ਬੋਲੀਆਂ ਨੂੰ ਉਹਨੇ ਵਿਸ਼ੇ ਅਨੁਸਾਰ ਤਰਤੀਬ ਵੀ ਦਿੱਤੀ ਹੈ ਜੋ ਉਸ ਦੀ ਲੋਕਧਾਰਾ ਪ੍ਰਤੀ ਸੂਝ ਦੀ ਜਾਣਕਾਰੀ ਦਿੰਦੀ ਹੈ।
ਲੋਕਧਾਰਾ ਦੇ ਅਧਿਐਨ ਦੇ ਇਤਿਹਾਸ ਵਿੱਚ ਪਹਿਲਾਂ ਅਸੀਂ ਸੁਖਦੇਵ ਮਾਦਪੁਰੀ ਨੂੰ ਲੋਕਧਾਰਾ ਦੇ ਇਕਤ੍ਰੀਕਰਨ ਵਾਲੇ ਵਿਦਵਾਨਾਂ ਵਿੱਚ ਸ਼ਾਮਲ ਕਰਦੇ ਸਾਂ ਪਰੰਤੂ ਉਹਨਾਂ ਦੀ ਪੁਸਤਕ “ਲੋਕ ਗੀਤਾਂ ਦੀ ਸਮਾਜਿਕ ਵਿਆਖਿਆ" ਦੇ ਪ੍ਰਕਾਸ਼ਿਤ ਹੋਣ ਨਾਲ ਉਹਨਾਂ ਦਾ ਸ਼ੁਮਾਰ ਲੋਕਧਾਰਾ ਦੇ ਵਿਸ਼ਲੇਸ਼ਣ ਕਰਨ ਵਾਲੇ ਵਿਦਵਾਨਾਂ ਵਿੱਚ ਵੀ ਹੋ ਗਿਆ ਹੈ।ਇਸ ਪੁਸਤਕ ਵਿੱਚ ਉਨ੍ਹਾਂ ਨੇ ਉਹ ਗੀਤ ਸ਼ਾਮਲ ਕੀਤੇ ਹਨ ਜਿਹੜੇ ਪੰਜਾਬੀ ਸਮਾਜ ਦੇ ਰਿਸ਼ਤੇ ਨਾਤਿਆਂ ਨਾਲ ਸੰਬੰਧ ਰੱਖਦੇ ਹਨ, ਇਹਨਾਂ ਵਿੱਚ ਪਿਓ ਧੀ ਦਾ ਰਿਸ਼ਤਾ, ਭੈਣ ਭਰਾ ਦਾ, ਦਿਓਰ ਭਰਜਾਈ ਦਾ, ਭਾਬੀ ਨਣਦ ਦਾ ਅਤੇ ਨੂੰਹ ਸੱਸ ਆਦਿ ਰਿਸ਼ਤਿਆਂ ਨਾਲ ਸੰਬੰਧਿਤ ਲੋਕ ਗੀਤਾਂ ਦੀ ਵਿਆਖਿਆ ਕਰਨ ਦਾ ਯਤਨ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਵਾਤਾਵਰਨ, ਮੇਲੇ ਤਿਉਹਾਰਾਂ, ਪੰਜਾਬ ਦੇ ਲੋਕ ਨਾਇਕਾਂ ਅਤੇ ਰੁਮਾਂਸਕ ਰਿਸ਼ਤਿਆਂ ਨਾਲ ਸੰਬੰਧਿਤ ਲੋਕ ਗੀਤਾਂ ਦੀ ਵਿਆਖਿਆ ਵੀ ਕੀਤੀ ਹੈ। ਇਸ ਵਿਆਖਿਆ ਲਈ ਉਸ ਨੇ ਭਾਵੇਂ ਕਿਸੇ ਲੋਕਧਾਰਾ ਵਿਧੀ ਜਾਂ ਮਾਡਲ ਦੀ ਸਹਾਇਤਾ ਨਹੀਂ ਲਈ ਫਿਰ ਵੀ ਉਸ ਨੇ ਆਪਣੀ ਮੌਲਕ ਵਿਧੀ ਰਾਹੀਂ ਆਤਮਪਰਕ ਢੰਗ ਨਾਲ ਇਹਨਾਂ ਲੋਕਾਂ ਗੀਤਾਂ ਦੀ ਰੂਹ ਅਤੇ ਖ਼ੁਸ਼ਬੂ ਨੂੰ ਪਕੜਨ ਦਾ ਯਤਨ ਕੀਤਾ ਹੈ। ਮੈਂ ਉਸ ਦੇ ਇਸ ਯਤਨ ਨੂੰ ਮੁਬਾਰਕਬਾਦ ਦੇਂਦਾ ਹਾਂ।
ਸੁਖਦੇਵ ਮਾਦਪੁਰੀ ਲੋਕਧਾਰਾ ਦੇ ਖੇਤਰ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ। ਉਹ ਇਕ ਸੰਸਥਾ ਵਾਂਗ ਕੰਮ ਕਰ ਰਿਹਾ ਹੈ। “ਨੈਣੀ ਨੀਂਂਦ ਨਾ ਆਵੇ" ਉਸ ਦਾ ਸਜਰਾ ਮਹੱਤਵਪੂਰਨ ਅਤੇ ਮੁੱਲਵਾਨ ਲੋਕ ਗੀਤ ਸੰਗ੍ਰਹਿ ਹੈ ਜਿਸ ਵਿੱਚ ਉਸ ਨੇ ਪੰਜਾਬੀ ਸੱਭਿਆਚਾਰ ਵਿਚੋਂ ਅਲੋਪ ਹੋ ਰਹੇ ਲੋਕ-ਕਾਵਿ ਰੂਪਾਂ ਨਾਲ ਸੰਬੰਧਿਤ ਸਤ ਸੌ ਪੰਦਰਾਂ ਲੋਕ ਗੀਤ ਸ਼ਾਮਲ ਕਰਕੇ ਉਹਨਾਂ ਦਾ ਵਿਗਿਆਨਕ ਅਤੇ ਲੋਕਧਾਰਾਈ ਦ੍ਰਿਸ਼ਟੀ ਅਨੁਸਾਰ ਵਰਗੀਕਰਨ ਕੀਤਾ ਹੈ। ਅਜਿਹਾ ਕਰਕੇ ਉਸ ਨੇ ਲੋਕਧਾਰਾ ਦੇ ਖੋਜਾਰਥੀਆਂ ਲਈ ਬਹੁਮੁੱਲੀ ਸਮੱਗਰੀ ਸਾਂਭਣ ਦਾ ਸ਼ਲਾਘਾਯੋਗ ਕਾਰਜ ਹੀ ਨਹੀਂ ਕੀਤਾ ਬਲਕਿ ਆਮ ਪਾਠਕਾਂ ਨੂੰ ਵੀ ਆਪਣੇ ਵੱਡਮੁੱਲੇ ਵਿਰਸੇ ਤੋਂ ਜਾਣੂੰ ਕਰਵਾਇਆ ਹੈ।ਇਸ ਖੋਜ ਭਰਪੂਰ ਰਚਨਾ ਲਈ ਮੈਂ ਮਾਦਪੁਰੀ ਨੂੰ ਮੁਬਾਰਕ ਦੇਂਦਾ ਹੋਇਆ ਇਹ ਪੁਸਤਕ ਪਾਠਕਾਂ ਦੇ ਸਨਮੁਖ ਕਰਦਿਆਂ ਮਾਣ ਮਹਿਸੂਸ ਕਰਦਾ ਹਾਂ।

ਮਿਤੀ 26-12-2003

ਜੋਗਿੰਦਰ ਸਿੰਘ ਕੈਰੋਂ (ਡਾ.)

ਸੀਨੀਅਰ ਫੈਲੋ (ਲੋਕਧਾਰਾ)

ਗੁਰੂ ਨਾਨਕ ਦੇਵ ਯੂਨੀਵਰਸਿਟੀ,

ਅੰਮ੍ਰਿਤਸਰ।

12