ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/163

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਆਉਂਦੀਏ ਕੁੜੀਏ ਜਾਂਦੀਏ ਕੁੜੀਏ

‘ਆਉਂਦੀਏ ਕੁੜੀਏ ਜਾਂਦੀਏ ਕੁੜੀਏ’ ਦੀ ਧਾਰਨਾ ਤੇ ਰਚੀਆਂ ਹੋਈਆਂ ਸਿੱਠਣੀਆਂ ਦਾ ਇਕ ਵਲੱਖਣ ਕਾਵਿ ਰੂਪ ਹੈ ਜੋ ਕਿ ਮਾਲਵੇ ਵਿੱਚ ਹੀ ਪ੍ਰਚਲਤ ਰਿਹਾ ਹੈ।
ਆਮ ਕਰਕੇ ਵਿਆਹ ਵਾਲੇ ਘਰ ਸ਼ਰੀਕੇ ਵਿੱਚ ਪਰੋਸੇ ਆਦਿ ਫੇਰਨ ਦਾ ਕੰਮ ਮੇਲਣਾਂ ਹੀ ਕਰਦੀਆਂ ਸਨ। ਲਾੜਾ ਲਾੜੀ ਨੂੰ ਛਟੀਆਂ ਘਲਾਉਣ ਸਮੇਂ ਅਤੇ ਜਠੇਰਿਆਂ ਤੇ ਮੱਥਾ ਟਕਾਉਣ ਸਮੇਂ ਵੀ ਮੇਲਣਾਂ ਨੇ ਪਿੰਡ ਦੀਆਂ ਗਲੀਆਂ ਵਿੱਚੋਂ ਗੀਤ ਗਾਉਂਦੇ ਹੋਏ ਲੰਘਣਾ, ਆਥਣ ਸਵੇਰੇ ਬਾਹਰ ਅੰਦਰ ਜਾਂਦੀਆਂ ਹੋਈਆਂ ਗੀਤ ਗਾਉਂਦੀਆਂ ਪਿੰਡ ਦੀਆਂ ਗਲ਼ੀਆਂ ਵਿੱਚ ਫੇਰਾ ਤੋਰਾ ਮਾਰਦੀਆਂ। ਚਾਵਾਂ ਮੱਤਾ ਭੂਸਰਿਆ ਹੋਇਆ ਮੇਲ਼ ਰਾਹ ਜਾਂਦਿਆਂ ਨਾਲ ਠਹਿਰਦਾ। ਜਾਗੋ ਕੱਢਣ ਸਮੇਂ ਵੀ ਕੁੜੀਆਂ ਦਾ ਇਕੱਠ ਰਾਹ ਗਲ਼ੀ ’ਚ ਮਿਲਣ ਵਾਲ਼ੇ ਨਾਲ ਘੱਟ ਨਹੀਂ ਸੀ ਗੁਜ਼ਾਰਦਾ। ਕਈਆਂ ਦੇ ਮੰਜੇ ਮੂਧੇ ਕਰ ਦੇਣੇ, ਓਟੇ, ਝਲਿਆਨੀਆਂ ਭੰਨ ਦੇਣੀਆਂ, ਚੁਲ੍ਹੇ ਢਾਅ ਦੇਣੇ, ਪਰਨਾਲ਼ੇ ਧੂ ਸੁੱਟਣੇ, ਪਿੰਡ ਦੇ ਹਟਵਾਣੀਆਂ ਦੀਆਂ ਹੱਟੀਆਂ ਲੁੱਟ ਲੈਣੀਆਂ! ਇਸ ਤਰ੍ਹਾਂ ਪਿੰਡ ’ਚ ਆਉਣ ਜਾਣ ਸਮੇਂ ਮੇਲਣਾਂ ਨੇ ਵੱਖ-ਵੱਖ ਮਿਲਣ ਵਾਲ਼ੇ ਪਾਤਰਾਂ ਨੂੰ ਸੰਬੋਧਿਤ ਹੋਕੇ ਸਿੱਠਣੀਆਂ ਦੇਣੀਆਂ। ਕਈ ਵਾਰ ਆਪੋ ਵਿੱਚ ਹੀ ਸਿੱਠਣੀਓ ਸਿੱਠਣੀ ਹੋ ਜਾਣਾ। ਇਕ ਦੂਜੀ ਨੂੰ ਸੰਬੋਧਿਤ ਗੁੱਝੇ ਵਿਅੰਗ ਕੱਸਣੇ, ਇਹ ਵਿਅੰਗ ਦੋਹਾਂ ਧਿਰਾਂ ਨੂੰ ਅਗੰਮੀ ਖ਼ੁਸ਼ੀ ਪਰਦਾਨ ਕਰਦੇ ਸਨ। ਹਰ ਪਾਸੇ ਖ਼ੁਸ਼ੀ ਦੀਆਂ ਫੁਹਾਰਾਂ ਵਹਿ ਤੁਰਨੀਆਂ।
ਅਜੋਕੇ ਸਮੇਂ ਵਿੱਚ ਵਿਆਹ ਦਾ ਰੂਪ ਬਦਲ ਗਿਆ ਹੈ, ਕੇਵਲ ਇਕੋ ਦਿਨ ਵਿੱਚ ਵਿਆਹ ਦੀਆਂ ਰਸਮਾਂ ਨਿਭਾਈਆਂ ਜਾਣ ਕਰਕੇ ਨਾ ਕੋਈ ਪਰੋਸੇ ਫੇਰਦਾ ਹੈ ਨਾ ਹੀ ਮੇਲਣਾਂ ਗਲ਼ੀਆਂ ਵਿੱਚ ਖਰੂਦ ਪਾਉਂਦੀਆਂ ਹਨ। ਸਿੱਠਣੀਆਂ ਦੇਣ ਦੀ ਇਹ ਪਰੰਪਰਾ ਵੀ ਸਮਾਪਤ ਹੋ ਗਈ ਹੈ.....ਬਸ ਯਾਦਾਂ ਹੀ ਰਹਿ ਗਈਆਂ ਹਨ।157