ਸਮੱਗਰੀ 'ਤੇ ਜਾਓ

ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੋ ਸ਼ਬਦ

ਮੇਰੇ ਪਾਸੋਂ ਅਕਸਰ ਪੁੱਛਿਆ ਜਾਂਦਾ ਹੈ ਕਿ ਮੈਂ ਲੋਕ ਗੀਤ ਕਿਵੇਂ ਅਕੱਠੇ ਕਰਨੇ ਸ਼ੁਰੂ ਕੀਤੇ। ਬਚਪਣ ਤੋਂ ਹੀ ਲੋਕ ਗੀਤ ਮੈਨੂੰ ਧੂ ਪਾਉਂਦੇ ਰਹੇ ਹਨ। ਇਹਨਾਂ ਦੀ ਕੀਲ ਨੇ ਮੈਨੂੰ ਆਪਣੇ ਨਾਲ਼ ਸਦੀਵੀ ਤੌਰ ਤੇ ਜੋੜਿਆ ਹੋਇਆ ਹੈ। ਮੇਰੀ ਜ਼ਿੰਦਗੀ ਦਾ ਹਰ ਪਲ ਆਪਣੇ ਪਿੰਡਾਂ ਨੂੰ ਸਮਰਪਿਤ ਹੈ।
ਮੇਰਾ ਜਨਮ ਜ਼ਿਲਾ ਲੁਧਿਆਣਾ ਦੇ ਪਿੰਡ ਮਾਦਪੁਰ ਵਿਖੇ ਇਕ ਸਾਧਾਰਨ ਜੱਟ ਪਰਿਵਾਰ ਵਿੱਚ ਹੋਇਆ ਸੀ। ਮਾਂ-ਬਾਪ ਅਨਪੜ੍ਹ ਸਨ ਪਰ ਉਹ ਗਿਆਨ-ਵਾਨ ਸਨ...ਸਿਰੜੀ ਤੇ ਮਿਹਨਤੀ ਹਰ ਕੰਮ ਲਗਨ ਨਾਲ਼ ਕਰਨ ਵਾਲੇ, ਸਬਰ ਤੇ ਸੰਤੋਖ ਵਾਲੇ! ਉਹਨਾਂ ਦੀ ਸ਼ਖ਼ਸੀਅਤ ਦਾ ਮੇਰੇ ਤੇ ਬਹੁਤ ਵੱਡਾ ਪ੍ਰਭਾਵ ਹੈ...ਮੈਂ ਜੋ ਕੁਝ ਵੀ ਪ੍ਰਾਪਤ ਕੀਤਾ ਹੈ ਉਹਨਾਂ ਸਦਕੇ ਹੀ ਕੀਤਾ ਹੈ!
ਮੇਰੀ ਬੇਬੇ ਸੁਰਜੀਤ ਕੁਰ ਨੂੰ ਬਹੁਤ ਗੀਤ ਯਾਦ ਸਨ। ਜਦੋਂ ਤੜਕਿਓਂ ਹਾਜ਼ਰੀ ਲਈ ਆਟਾ ਪੀਹਣ ਲਈ ਉਹਨੇ ਚੱਕੀ ਝੋਣੀ ਨਾਲ ਕੋਈ ਨਾ ਕੋਈ ਗੀਤ ਗਾਈ ਜਾਣਾ, ਇਸੇ ਤਰ੍ਹਾਂ ਚਰਖਾ ਕੱਤਦਿਆਂ ਵੀ ਉਹ ਕੋਈ ਲੰਬਾ ਗੀਤ ਗਾਉਂਦੀ ਰਹਿੰਦੀ। ਬਚਪਨ ਤੋਂ ਹੀ ਇਹਨਾਂ ਗੀਤਾਂ ਦਾ ਪ੍ਰਭਾਵ ਮੇਰੇ ਮਨ ਤੇ ਪੈਂਦਾ ਰਿਹਾ...ਭਾਵੇਂ ਓਦੋਂ ਉਹਨਾਂ ਦੀ ਪੂਰੀ ਸਮਝ ਮੈਨੂੰ ਨਹੀਂ ਸੀ ਪੈਂਦੀ ਪਰ ਫੇਰ ਵੀ ਮੈਂ ਇਕ ਚਿੱਤ ਹੋਕੇ ਉਹਨਾਂ ਨੂੰ ਸੁਣਦਾ ਰਹਿੰਦਾ ਤੇ ਕੋਈ ਅਗੰਮੀ ਸੁਆਦ ਮਾਣਦਾ! ਮੇਰੀ ਤਾਈ ਪੰਜਾਬ ਕੁਰ ਜਿਸ ਨੂੰ ਅਸੀਂ ਮਾਂ ਆਖਦੇ ਸਾਂ ਉਹ ਵੀ ਬਿਹ੍ਰੋਂ ਕੁੱਠੇ ਗੀਤ ਗੁਣਗੁਣਾਉਂਦੀ ਰਹਿੰਦੀ...ਮੇਰਾ ਤਾਇਆ ਰਣ ਸਿੰਘ ਪਹਿਲੀ ਵੱਡੀ ਜੰਗ ਵਿੱਚ ਫੌਜ਼ 'ਚ ਭਰਤੀ ਹੋ ਗਿਆ ਸੀ, ਉਹਦੇ ਬਸਰੇ ਬਰਮਾ 'ਚ ਕਾਫੀ ਲੰਬਾ ਸਮਾਂ ਰਹਿਣ ਕਰਕੇ ਮੇਰੀ ਮਾਂ ਨੇ ਬ੍ਰਿਹੋਂ ਦੇ ਸੱਲ ਝੱਲੇ ਹੋਏ ਸਨ-ਇਸੇ ਲਈ ਉਹ ਬ੍ਰਿਹਾ ਗੀਤ ਗਾ ਕੇ ਆਪਣਾ ਮਨ ਹੌਲ਼ਾ ਕਰ ਲੈਂਦੀ ਸੀ। ਇਹ ਗੀਤ ਅਛੋਪਲੇ ਹੀ ਮੇਰੇ ਚੇਤਿਆਂ 'ਚ ਵਸਦੇ ਰਹੇ!
ਮੇਰਾ ਬਾਪੂ ਦਿਆ ਸਿੰਘ ਖੇਤੀ ਕਰਦਾ ਸੀ...ਉਹਨਾਂ ਦਿਨਾਂ 'ਚ ਟਿਊਬਵੈਲ ਨਹੀਂ ਸੀ ਹੁੰਦੇ...ਸਾਂਝੇ ਖੂਹ ਹੁੰਦੇ ਸਨ। ਹਰਟ ਚੱਲਦੇ, ਕਦੀ ਅੱਧੀ ਰਾਤ ਨੂੰ ਵਾਰੀ ਆਉਣੀ ਕਦੀ ਤੜਕਿਓਂ....ਹਰਟ ਜੋੜਨੇ....ਪਾਣੀ ਨੇ ਸੁੱਸਰੀ ਦੀ ਤੋਰ ਤੁਰਦਿਆਂ ਖੇਤਾਂ 'ਚ ਪੁੱਜਣਾ ਨਾਕੀ ਨੇ ਕਿਆਰਾ ਭਰਨ ਦੀ ਉਡੀਕ ਕਰਨੀ...ਇਹੀ ਉਹ ਸਮਾਂ ਹੁੰਦਾ ਸੀ ਜਦੋਂ ਬ੍ਰਿਹਾ ਦੀਆਂ ਕੂਲ੍ਹਾਂ ਵਹਿ ਟੁਰਦੀਆਂ...ਸੁਨਸਾਨ ਤੇ ਟਿਕੀ ਹੋਈ ਰਾਤ ਵਿੱਚ ਕਿਸੇ ਨਾਕੀ ਨੇ ਦੋਹਾ ਲਾਉਣਾ ਕਿਸੇ ਨੇ ਕਲੀ! ਮੇਰੇ ਬਾਪੂ ਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਦੋਹੇ ਤੇ ਕਲੀਆਂ ਯਾਦ ਸਨ...ਮੈਂ ਉਸ ਦੇ ਨਾਲ ਨੱਕੇ ਛੱਡਦਾ ਇਹ ਗੀਤ ਸੁਣਦਾ ਰਹਿੰਦਾ...ਸੁਤੇ ਸਿੱਧ ਹੀ ਇਹ ਦੋਹੇ ਤੇ ਕਲੀਆਂ ਮੇਰੇ ਧੁਰ ਅੰਦਰ ਲਹਿ ਗਏ!13