ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਸਾਲੇ 'ਪੰਜਾਬੀ ਦੁਨੀਆਂ' ਨੂੰ ਊਈਂ ਭੇਜ ਦਿੱਤਾ ਜੋ ਨਵੰਬਰ-ਦਸੰਬਰ 1954 ਦੇ ਅੰਕ ਵਿੱਚ ਛਪ ਗਿਆ! ਪ੍ਰੋ. ਪਿਆਰਾ ਸਿੰਘ ਪਦਮ ਇਸ ਰਸਾਲੇ ਦੇ ਸੰਪਾਦਕ ਸਨ ਉਹਨਾਂ ਨੇ ਮੈਨੂੰ ਉਤਸ਼ਾਹ ਤੇ ਪ੍ਰੇਰਨਾ ਭਰੀ ਚਿੱਠੀ ਲਿਖਕੇ ਮੇਰੀ ਹੌਸਲਾ ਅਫਜ਼ਾਈ ਕੀਤੀ। ਇਸੇ ਤਰ੍ਹਾਂ ਹੀ ਇਕ ਹੋਰ ਲੰਬਾ ਲੋਕ ਗੀਤ “ਨੀ ਘਰ ਆਈਦਾ ਵੀਰ, ਸੋਨੇ ਦਾ ਤੀਰ, ਕੰਨ੍ਹੇ ਤਲਵਾਰ, ਘੋੜੇ ਅਸਵਾਰ, ਨੀ ਮੈਂ ਜਾਨੀ ਆਂ ਪਿਓਕੇ” ਮੈਨੂੰ ਮਾਂ ਪੰਜਾਬੋ ਪਾਸੋਂ ਮਿਲਿਆ। ਇਸ ਗੀਤ ਬਾਰੇ “ਤ੍ਰਿੰਜਣ ਦਾ ਇਕ ਗੀਤ” ਨਾਮੀ ਲੇਖ ਲਿਖਕੇ ਮੈਂ ਅੰਬਾਲੇ ਤੋਂ ਛੱਪਣ ਵਾਲੇ ਮਾਸਕ ਪੱਤਰ "ਜਾਗਤ੍ਰੀ” ਨੂੰ ਭੇਜ ਦਿੱਤਾ। ਪ੍ਰਸਿੱਧ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਇਸ ਰਸਾਲੇ ਦੇ ਸੰਪਾਦਕ ਸਨ। ਉਹਨਾਂ ਨੇ ਇਹ ਲੇਖ ਪਸੰਦ ਹੀ ਨਹੀਂ ਕੀਤਾ ਸਗੋਂ ਹੌਸਲਾ ਵਧਾਊ ਖ਼ਤ ਲਿਖਕੇ ਹੋਰ ਲੇਖਾਂ ਦੀ ਮੰਗ ਵੀ ਕੀਤੀ ਤੇ ਮੇਰੇ ਲੋਕ ਗੀਤਾਂ ਬਾਰੇ ਅਨੇਕਾਂ ਲੇਖ “ਜਾਗਤ੍ਰੀ" ਵਿੱਚ ਪ੍ਰਕਾਸ਼ਤ ਕਰਕੇ ਮੈਨੂੰ ਸਦਾ ਲਈ ਲੋਕ ਸਾਹਿਤ ਦੇ ਖੇਤਰ ਨਾਲ ਜੋੜ ਦਿੱਤਾ। "ਪੰਜਾਬੀ ਦੁਨੀਆਂ", “ਪੰਜ ਦਰਿਆ” ਅਤੇ “ਜਨ ਸਾਹਿਤ” ਵਰਗੇ ਨਾਮੀ ਰਸਾਲਿਆਂ ਵਿੱਚ ਸਮੇਂ ਸਮੇਂ ਮੈਂ ਲੇਖ ਲਿਖੇ ਜਿਨ੍ਹਾਂ ਨੂੰ ਪੜ੍ਹਕੇ ਗਿਆਨੀ ਗੁਰਦਿੱਤ ਸਿੰਘ, ਗਿਆਨੀ ਲਾਲ ਸਿੰਘ, ਸ਼ਮਸ਼ੇਰ ਸਿੰਘ ਅਸ਼ੋਕ, ਸੰਤ ਇੰਦਰ ਸਿੰਘ ਚੱਕਰਵਰਤੀ, ਡਾ. ਜੀਤ ਸਿੰਘ ਸੀਤਲ, ਪ੍ਰੋ. ਪ੍ਰੀਤਮ ਸਿੰਘ, ਪ੍ਰੋ. ਮੋਹਨ ਸਿੰਘ, ਪ੍ਰੋ. ਕਿਰਪਾਲ ਸਿੰਘ ਕਸੇਲ, ਵਣਜਾਰਾ ਬੇਦੀ, ਕਰਤਾਰ ਸਿੰਘ ਸ਼ਮਸ਼ੇਰ ਅਤੇ ਅਜਾਇਬ ਚਿੱਤਰਕਾਰ ਵਰਗੇ ਸਮਰੱਥ ਵਿਦਵਾਨਾਂ ਨੇ ਮੇਰੇ ਕੰਮ ਨੂੰ ਥਾਪੜਾ ਦੇ ਕੇ ਮੈਨੂੰ ਇਸ ਕਾਰਜ ਵਿੱਚ ਸਰਗਰਮ ਰੱਖਿਆ ਜਿਨ੍ਹਾਂ ਦਾ ਮੈਂ ਸਦਾ ਦੇਣਦਾਰ ਹਾਂ।
ਸੁਰਜੀਤ ਸਿੰਘ ਸੇਠੀ ਅਤੇ ਐਸ.ਐਸ. ਮੀਸ਼ਾ ਵੱਖ-ਵੱਖ ਸਮੇਂ ਅਕਾਸ਼ਬਾਣੀ ਜਲੰਧਰ ਵਿਖੇ ਪੰਜਾਬੀ ਪ੍ਰੋਗਰਾਮ ਦੇ ਇਨਚਾਰਜ ਰਹੇ ਹਨ।ਉਹਨਾਂ ਵਿਦਵਾਨਾਂ ਨੇ ਪੰਜਾਬ ਦੇ ਪੇਂਡੂ ਸੱਭਿਆਚਾਰ ਦੇ ਅਲੋਪ ਹੋ ਰਹੇ ਭਿੰਨ-ਭਿੰਨ ਅੰਸ਼ਾਂ ਸੰਬੰਧੀ ਮੇਰੇ ਪਾਸੋਂ ਅਨੇਕਾਂ ਵਾਰਤਾਵਾਂ ਲਿਖਵਾ ਕੇ ਪ੍ਰਸਾਰਿਤ ਕੀਤੀਆਂ ਤੇ ਮੈਨੂੰ ਇਸ ਖੇਤਰ ਵਿੱਚ ਵੀ ਖੋਜ ਕਰਨ ਲਈ ਪ੍ਰੇਰਿਆ ਜਿਸ ਸਦਕਾ ਮੈਂ “ਪੰਜਾਬ ਦੀਆਂ ਲੋਕ ਖੇਡਾਂ”, “ਪੰਜਾਬੀ ਬੁਝਾਰਤਾਂ" ਪ੍ਰੀਤ ਕਥਾਵਾਂ ਦੀ ਪੁਸਤਕ “ਨੈਣਾਂ ਦੇ ਵਣਜਾਰੇ”, “ਪੰਜਾਬ ਦੇ ਮੇਲੇ ਅਤੇ ਤਿਉਹਾਰ", ਲੋਕ ਨਾਚ “ਆਓ ਨੱਚੀਏ", ਲੋਕ ਕਥਾਵਾਂ ਦੀਆਂ ਤਿੰਨ ਪੁਸਤਕਾਂ “ਜ਼ਰੀ ਦਾ ਟੋਟਾ", "ਭਾਰਤੀ ਲੋਕ ਕਹਾਣੀਆਂ” ਅਤੇ “ਬਾਤਾਂ ਦੇਸ ਪੰਜਾਬ ਦੀਆਂ", ਲੋਕ ਗੀਤ ਸੰਗ੍ਰਹਿ “ਗਾਉਂਦਾ ਪੰਜਾਬ”, “ਫੁੱਲਾਂ ਭਰੀ ਚੰਗੇਰ”, “ਖੰਡ ਮਿਸ਼ਰੀ ਦੀਆਂ ਡਲੀਆਂ” ਅਤੇ “ਲੋਕ ਗੀਤਾਂ ਦੀ ਸਮਾਜਿਕ ਵਿਆਖਿਆ" ਪੰਜਾਬੀ ਪਾਠਕਾਂ ਦੇ ਰੂ-ਬ-ਰੂ ਕਰ ਸਕਿਆ ਹਾਂ।“ਪੰਜਾਬੀ ਬੁਝਾਰਤਾਂ" ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਪ੍ਰਕਾਸ਼ਨਾ ਹੈ ਜਿਸ ਨੂੰ ਭਾਸ਼ਾ ਵਿਭਾਗ ਪੰਜਾਬ ਨੇ 1979 ਦੀ "ਸਰਵੋਤਮ ਪੁਸ਼ਤਕ" ਵਜੋਂ-ਪੁਰਸਕਾਰਿਤ ਕੀਤਾ ਤੇ 1992 ਵਿੱਚ ਵੀ ਪੰਜਾਬੀ ਸਾਹਿਤ ਅਕਾਦਮੀ, ਦਿੱਲੀ ਦੀ ਪ੍ਰਕਾਸ਼ਨਾ "ਭਾਰਤੀ ਲੋਕ ਕਹਾਣੀਆਂ" ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਪੁਰਸਕਾਰ ਦੇ ਕੇ ਸਨਮਾਨਿਆ।
ਪੰਜਾਬੀ ਲੋਕ ਗੀਤ ਪੰਜਾਬੀ ਸੱਭਿਆਚਾਰ ਅਤੇ ਸੰਸਕ੍ਰਿਤੀ ਦਾ ਮਹੱਤਵਪੂਰਨ ਅੰਗ ਹਨ ਜਿਨ੍ਹਾਂ ਵਿੱਚ ਪੰਜਾਬ ਦੀ ਆਤਮਾ ਵਿਦਮਾਨ ਹੈ। ਪੰਜਾਬੀਆਂ ਦੀ ਜ਼ਿੰਦਗੀ ਇਹਨਾਂ15