ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿੱਚ ਧੜਕਦੀ ਹੈ, ਇਹ ਉਹਨਾਂ ਦੀਆਂ ਗ਼ਮੀਆਂ-ਖੁਸ਼ੀਆਂ, ਉਦਗਾਰਾਂ, ਖਾਹਸ਼ਾਂ ਅਤੇ ਮਨੋਭਾਵਾਂ ਦੇ ਪ੍ਰਗਟਾਵੇ ਦੇ ਪ੍ਰਮੁੱਖ ਸੋਮੇ ਹਨ। ਪੰਜਾਬੀਆਂ ਦੇ ਆਰਥਕ, ਰਾਜਨੀਤਿਕ ਤੇ ਸਮਾਜਿਕ ਜੀਵਨ ਦੀਆਂ ਇਹ ਬਾਤਾਂ ਪਾਉਂਦੇ ਹਨ।
ਆਰਥਕ ਵਿਕਾਸ ਦੇ ਕਾਰਨ ਪੰਜਾਬ ਦੀ ਸੱਭਿਆਚਾਰਕ ਜ਼ਿੰਦਗੀ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਆਈਆਂ ਹਨ। ਲੋਕ ਜੀਵਨ ਕਾਫੀ ਹੱਦ ਤੱਕ ਬਦਲ ਗਿਆ ਹੈ। ਮਨੋਰੰਜਨ ਦੇ ਸਾਧਨ ਨਵੇਂ ਰੂਪ ਧਾਰ ਗਏ ਹਨ। ਬਿਜਲੀ ਉਪਕਰਨਾਂ ਅਤੇ ਪ੍ਰਿੰਟ ਮੀਡੀਆ ਦੇ ਪ੍ਰਭਾਵ ਕਾਰਨ ਲੋਕ ਗੀਤ ਪੰਜਾਬ ਦੇ ਜਨ ਜੀਵਨ ਵਿਚੋਂ ਅਲੋਪ ਹੋ ਰਹੇ ਹਨ....ਵਿਆਹ ਸ਼ਾਦੀਆਂ ਦੀਆਂ ਰਸਮਾਂ ਸੁੰਗੜ ਗਈਆਂ ਹਨ, ਖੇਤੀ ਬਾੜੀ ਦੇ ਢੰਗ ਤਬਦੀਲ ਹੋ ਗਏ ਹਨ, ਮੇਲਿਆਂ ਮੁਸਾਵਿਆਂ ਤੇ ਪੁਰਾਣੀਆਂ ਰੌਣਕਾਂ ਨਹੀਂ ਰਹੀਆਂ ਜਿਸ ਕਾਰਨ ਲੋਕ ਗੀਤਾਂ ਦੀਆਂ ਕੂਲ੍ਹਾਂ ਦੇ ਸੋਮੇ ਸੁੱਕ ਰਹੇ ਹਨ। ਪੁਰਾਣੀ ਪੀੜ੍ਹੀ ਮੁੱਕਦੀ ਜਾ ਰਹੀ ਹੈ, ਨਵੀਂ ਪੀੜ੍ਹੀ ਨੂੰ ਇਹਨਾਂ ਦੀ ਕੋਈ ਸਾਰ ਨਹੀਂ, ਨਾ ਹੀ ਕਿਸੇ ਕਿਸਮ ਦਾ ਲਗਾਓ ਹੈ।
ਲੋਕ ਗੀਤ, ਸਾਡੀ ਵਰਾਸਤ ਦਾ ਅਮੁੱਲ ਖ਼ਜ਼ਾਨਾ ਹਨ ਜੋ ਵਡੇਰਿਆਂ ਪਾਸੋਂ ਸਾਨੂੰ ਪਰਾਪਤ ਹੋਇਆ ਹੈ। ਆਪਣੀ ਬੇਸ਼ਕੀਮਤ ਵਰਾਸਤ ਦੇ ਅਣਵਿਧ ਮੋਤੀਆਂ ਨੂੰ ਇਸ ਸੰਗ੍ਰਹਿ ਵਿੱਚ ਸਾਂਭਣ ਦਾ ਯਤਨ ਕੀਤਾ ਹੈ। ਪੰਜਾਬੀ ਲੋਕ ਮੰਚ ਤੋਂ ਅਲੋਪ ਹੋ ਰਹੇ ਲੋਕ ਕਾਵਿ ਰੂਪਾਂ ਦੋਹਿਆਂ, ਮਾਹੀਆ, ਲੋਕ ਗਥਾਵਾਂ, ਸੁਹਾਗ, ਘੋੜੀਆਂ, ਸਿੱਠਣੀਆਂ ਅਤੇ ਹੇਰਿਆਂ ਨਾਲ ਸੰਬੰਧਿਤ 715 ਲੋਕ ਗੀਤ ਪਠਕਾਂ ਦੇ ਸਨਮੁੱਖ ਕਰਦਿਆਂ ਮੈਨੂੰ ਅਨੂਠੀ ਖ਼ੁਸ਼ੀ ਅਨੁਭਵ ਹੋ ਰਹੀ ਹੈ। ਆਪਣੇ ਬਜ਼ੁਰਗਾਂ ਦਾ ਰਿਣ ਚੁਕਾਉਣ ਲਈ ਇਹ ਮੇਰਾ ਨਿਮਾਣਾ ਜਿਹਾ ਯਤਨ ਹੈ! ਮੈਨੂੰ ਆਸ ਹੈ ਲੋਕਧਾਰਾ ਦੇ ਕਾਜਸ਼ੀਲ ਵਿਦਵਾਨ ਜੋ ਵਿਸ਼ਵ ਵਿਦਿਆਲਿਆਂ ਵਿੱਚ ਖੋਜ ਕਾਰਜ ਕਰ ਰਹੇ ਹਨ ਇਹਨਾਂ ਲੋਕ ਗੀਤਾਂ ਦਾ ਭਾਸ਼ਾ, ਸਾਹਿਤ ਸੱਭਿਆਚਾਰ, ਸਮਾਜ ਵਿਗਿਆਨ ਅਤੇ ਮਾਨਵ ਵਿਗਿਆਨ ਦੀ ਦ੍ਰਿਸ਼ਟੀ ਤੋਂ ਅਧਿਐਨ ਕਰਨਗੇ!
ਮੈਂ ਸਵਰਗੀ ਮਾਈ ਬੱਸੋ, ਮਾਂ ਪੰਜਾਬ ਕੁਰ, ਬੇਬੇ ਸੁਰਜੀਤ ਕੁਰ, ਮੁਖਤਿਆਰੋ, ਪਰਮਜੀਤ ਪੰਮੀ, ਬਾਪੂ ਦਿਆ ਸਿੰਘ, ਰਾਮ ਸਿੰਘ ਚਾਹਲਾਂ, ਚਰਨ ਸਿੰਘ ਅਕਾਲੀ ਅਤੇ ਹੋਰ ਅਨੇਕਾਂ ਮੁਟਿਆਰਾਂ ਅਤੇ ਬਜ਼ੁਰਗਾਂ ਦਾ ਦਲੀ ਤੌਰ ਤੇ ਧੰਨਵਾਦੀ ਹਾਂ ਜਿਨ੍ਹਾਂ ਦੇ ਭਰਪੂਰ ਸਹਿਯੋਗ ਸਦਕਾ ਇਹ ਸੰਗ੍ਰਹਿ ਪਾਠਕਾਂ ਦੇ ਰੂ-ਬ-ਰੂ ਕਰਨ ਦੀ ਖ਼ੁਸ਼ੀ ਮਾਣ ਰਿਹਾ ਹਾਂ।
ਤੁਹਾਡੇ ਆਪਣੇ ਗੀਤ ਤੁਹਾਡੇ ਲਈ ਹਾਜ਼ਰ ਹਨ।

ਜਨਵਰੀ 12, 2004

ਸੁਖਦੇਵ ਮਾਦਪੁਰੀ

ਸਮਾਧੀ ਰੋਡ, ਖੰਨਾ

ਜ਼ਿਲਾ ਲੁਧਿਆਣਾ-141401

ਫ਼ੋਨ: 01628-224704

16