ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/202

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਖਦੇਵ ਮਾਦਪੁਰੀ ਉਹਨਾਂ ਮੁੱਢਲੇ ਵਿਦਵਾਨਾਂ ਵਿਚੋਂ ਹਨ ਜਿਨ੍ਹਾਂ ਨੇ ਪੰਜਾਬੀ ਲੋਕਧਾਰਾ ਦੀ ਸਮੱਗ੍ਰੀ ਨੂੰ ਇਕ ਕਰਕੇ ਸਾਂਭਣ ਦਾ ਮਹੱਤਵਪੂਰਨ ਇਤਿਹਾਸਕ ਕਾਰਜ ਨਿਭਾਇਆ ਹੈ। ਇਹਨਾਂ ਨੇ ਇਹ ਕੰਮ ਉਹਨਾਂ ਹਾਲਤਾਂ ਵਿਚ ਕੀਤਾ ਜਦੋਂ ਅਜੇ ਆਧੁਨਿਕ ਤਕਨੀਕਾਂ ਅਤੇ ਯੰਤਰ ਨਹੀਂ ਸਨ ਆਏ। ਇਹਨਾਂ ਸਹੂਲਤਾਂ ਤੋਂ ਬਿਨਾਂ ਲੋਕਧਾਰਾ ਦੇ ਖੇਤਰ ਵਿਚ ਖੇਤਰੀ ਕਾਰਜ ਕਰਨਾ ਅਤਿਅੰਤ ਮੁਸ਼ਕਲ ਹੁੰਦਾ ਹੈ ਕਿਉਂਕਿ ਤੁਹਾਨੂੰ ਬਹੁਤ ਸਾਰਾ ਵਕਤ ਲੋਕਾਂ ਵਿਚ ਰਹਿਕੇ ਉਹਨਾਂ ਪਾਸੋਂ ਲੋਕ ਸਾਹਿਤ ਰੂਪਾਂ ਨੂੰ ਸੁਣ ਕੇ ਲਿਪੀਬੱਧ ਕਰਨਾ ਹੁੰਦਾ ਹੈ। ਇਹ ਕੰਮ ਬਹੁਤ ਸਮਾਂ ਅਤੇ ਮਿਹਨਤ ਮੰਗਦਾ ਹੈ। ਇਸ ਲਈ ਯੰਤਰਾਂ ਵਿਹੂਣੇ ਉਹਨਾਂ ਵਿਦਵਾਨਾਂ ਨੂੰ ਦਾਦ ਦੇਣੀ ਹੀ ਬਣਦੀ ਹੈ ਜਿਨ੍ਹਾਂ ਨੇ ਪੰਜਾਬੀ ਲੋਕਧਾਰਾ ਦੀ ਸਮੱਗੀ ਨੂੰ ਸਮੇਂ ਦੇ ਹਨੇਰੇ ਵਿਚ ਗੁੰਮ ਹੋ ਜਾਣ ਤੋਂ ਬਚਾ ਲਿਆ ਹੈ। ਸੁਖਦੇਵ ਮਾਦਪੁਰੀ ਦੀ ਖੁਬੀ ਅਤੇ ਵਿਗਿਆਨਕ ਦ੍ਰਿਸ਼ਟੀ ਇਹ ਹੈ ਕਿ ਉਸ ਨੇ ਲੋਕ ਸਾਹਿਤਕ ਵੰਨਗੀਆਂ ਨੂੰ ਲੋਕਾਂ ਦੀ ਭਾਸ਼ਾ ਵਿਚ ਹੀ ਲਿਖਿਆ ਹੈ। ਇਸ ਲੋਕਧਾਰਾ ਵਿਗਿਆਨੀ ਦੀ ਹਿੰਮਤ ਹੀ ਸਮਝਣੀ ਚਾਹੀਦੀ ਹੈ ਕਿ ਉਸ ਨੇ ਲੋਕਾਂ ਵਿਚ ਵਿਚਰ ਕੇ ਉਹਨਾਂ ਦੀ ਭਾਸ਼ਾ ਵਿਚ ਹੀ ਲੋਕਧਾਰਾ ਵੰਨਗੀਆਂ ਨੂੰ ਲਿਪੀਬੱਧ ਕੀਤਾ ਹੈ।

ਡਾ. ਜੋਗਿੰਦਰ ਕੈਰੋਂ

ਸੀਨੀਅਰ ਫੈਲੋ (ਲੋਕਧਾਰਾ)

ਗੁਰੂ ਨਾਨਕ ਦੇਵ ਯੂਨੀਵਰਸਿਟੀ

ਅੰਮ੍ਰਿਤਸਰ।