ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/24

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਤਾਲ ਦੇਂਦੇ ਹਾਲ਼ੀ ਅਤੇ ਨਾ ਵਜਦ ਵਿੱਚ ਆ ਕੇ ਦੋਹੇ ਲਾਉਣ ਲਗ ਜਾਂਦੇ। ਟਿਕੀ ਹੋਈ ਰਾਤ ’ਚ ਦੋਹਿਆਂ ਦੇ ਦਰਦੀਲੇ ਬੋਲਾਂ ਨਾਲ ਵਿਸਮਾਦ ਭਰਪੂਰ ਸਮਾਂ ਬੰਨ੍ਹਿਆ ਜਾਣਾ। ਦੂਰੋਂ ਕਿਸੇ ਹੋਰ ਨਾਕੀ ਨੇ ਦੋਹਾ ਸੁਣ ਕੇ ਦੋਹੇ ਦਾ ਉੱਤਰ ਦੋਹੇ ਵਿੱਚ ਮੋੜਨਾ। ਸ਼ਾਂਤ ਵਾਤਾਵਰਣ ਵਿੱਚ ਬ੍ਰਿਹਾ ਦੀਆਂ ਕੂਲ੍ਹਾਂ ਵਹਿ ਟੁਰਨੀਆਂ।
ਮਸ਼ੀਨੀ ਸੱਭਿਅਤਾ ਦੇ ਵਿਕਾਸ ਕਾਰਨ ਖੇਤੀ ਦੇ ਰੰਗ ਢੰਗ ਬਦਲ ਗਏ ਹਨ। ਨਾ ਖੂਹ ਰਹੇ ਹਨ ਨਾ ਬਲਦਾਂ ਦੀਆਂ ਟੱਲੀਆਂ, ਨਾ ਦੋਹੇ ਲਾਉਣ ਦੀ ਪਰੰਪਰਾ, ਹੁਣ ਖੇਤਾਂ ਵਿੱਚ ਟਰੈਕਟਰ ਧੁਕ-ਧੁਕ ਕਰ ਰਹੇ ਹਨ ਤੇ ਖੂਹਾਂ ਦੀ ਥਾਂ ਟਿਊਬਵੈਲਾਂ ਨੇ ਮਲ ਲਈ ਹੈ। ਹੁਣ ਕੋਈ ਕਿਸਾਨ ਰਾਤਾਂ ਨੂੰ ਖੇਤਾਂ 'ਚ ਕੰਮ ਨਹੀਂ ਕਰਦਾ, ਨਾ ਹੀ ਦੋਹੇ ਲਾਉਂਦਾ ਹੈ। ਪੰਜਾਬ ਦੇ ਪੇਂਡੂ ਜੀਵਨ ਵਿੱਚੋਂ ਦੋਹੇ ਲਾਉਣ ਦੀ ਪਰੰਪਰਾ ਦੇ ਸਮਾਪਤ ਹੋਣ ਕਾਰਨ ਇਸ ਦੀ ਸਿਰਜਣ ਪ੍ਰਕਿਰਿਆ ਵੀ ਸਮਾਪਤ ਹੋ ਗਈ ਹੈ। ਅਜੇ ਵੀ ਪੰਜਾਬ ਦੇ ਪਿੰਡਾਂ ਵਿੱਚ ਸੈਂਕੜੇ ਅਜਿਹੇ ਹਾਲੀ ਪਾਲੀ ਮੌਜੂਦ ਹਨ ਜਿਨ੍ਹਾਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਦੋਹਿਆਂ ਨੂੰ ਆਪਣੀ ਹਿੱਕੜੀ ਵਿੱਚ ਸਾਂਭਿਆ ਹੋਇਆ ਹੈ। ਜੇਕਰ ਸਮੇਂ ਸਿਰ ਇਹਨਾਂ ਨੂੰ ਸੰਭਾਲਿਆ ਨਾ ਗਿਆ ਤਾਂ ਇਹ ਵੀ ਬੀਤੇ ਦੀ ਧੂੜ ਵਿੱਚ ਗੁਆਚ ਜਾਣਗੇ। ਇਹਨਾਂ ਬੇਸ਼ਕੀਮਤ ਹੀਰਿਆਂ ਨੂੰ ਸਾਂਭਣ ਦੀ ਅਤਿਅੰਤ ਲੋੜ ਹੈ। ਇਹ ਸਾਡੀ ਮੁਲਵਾਨ ਵਰਾਸਤ ਦਾ ਵੱਡ ਮੁੱਲਾ ਸਰਮਾਇਆ ਹਨ।


20