ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/32

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

44
ਕਿੱਕਰੇ ਨੀ ਕੰਡਿਆਲੀਏ
ਤੇਰੇ ਤੁੱਕੀਂ ਪੈ ਗਿਆ ਬੀ
ਯਾਰ ਜੁਦਾਈ ਪਾ ਗਿਆ
ਮੇਰਾ ਕਿਤੇ ਨਾ ਲੱਗਦਾ ਜੀ
45
ਕੋਠੇ ਉੱਤੇ ਕੋਠੜਾ ਮਾਹੀ ਵੇ
ਕੋਈ ਚੁੱਲ੍ਹੇ ਪਕਾਵਾਂ ਖੀਰ
ਮੈਂ ਮਛਲੀ ਦਰਿਆ ਦੀ
ਤੂੰ ਦਰਿਆ ਦਾ ਨੀਰ
46
ਚਿੱਠੀਆਂ ਦਰਦ ਫ਼ਿਰਾਕ ਦੀਆਂ
ਲਿਖ ਮਿੱਤਰਾਂ ਵਲ ਪਾਈਆਂ
ਚਿੱਠੀਆਂ ਵਾਚਣ ਵਾਲ਼ਿਆ
ਤੇਰੀਆਂ ਅੱਖੀਆਂ ਕਿਉਂ ਭਰ ਆਈਆਂ
47
ਯਾਰ ਮੇਰੇ ਨੇ ਭਾਜੀ ਭੇਜੀ
ਵਿੱਚ ਭੇਜੀ ਕਸਤੂਰੀ
ਜਦ ਦੇਖਾਂ ਤਾਂ ਥੋੜ੍ਹੀ ਲਗਦੀ
ਜਦ ਜੋਖਾਂ ਤਾਂ ਪੂਰੀ
48
ਕਾਨਿਆਂ ਕਨੌਰਿਆ ਵੇ
ਤੂੰ ਕਾਨਿਆਂ ਦਾ ਸਰਦਾਰ
ਕੰਢੇ ਲੱਗੀ ਨੂੰ ਕਿਉਂ ਡੋਬਦੈ
ਤੂੰ ਭਰਾਤਾ ਮੈਂ ਨਾਰ
49
ਮਿੱਤਰ ਆਪਣੇ ਮੀਤ ਕੋ
ਤੁਰਤ ਨਾ ਦਈਏ ਗਾਲ਼
ਹੌਲ਼ੀ ਹੌਲ਼ੀ ਛੋਡੀਏ
ਜਿਉਂ ਜਲ ਛੋਡੇ ਤਾਲ
50
ਤਕਸੀਰੋਂ ਬੇ ਤਕਸੀਰ ਹੋ ਗਈ
ਅਸੀਂ ਬੇ ਤਕਸੀਰੇ ਮਾਰੇ
ਸਹੁਣਾ ਰੂਪ ਜਿਨ੍ਹਾਂ ਨੇ ਦਿੱਤਾ
ਓਹਲੇ ਖੜ ਖੜ ਦੇਣ ਨਜ਼ਾਰੇ

28