ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/37

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ79
ਚਿੱਠੀਆਂ ਦਰਦ ਫ਼ਿਰਾਕ ਦੀਆਂ
ਮੇਲ ਗੱਡੀ ਵਿੱਚ ਆਈਆਂ
ਚਿੱਠੀਆਂ ਵਾਚਣ ਵਾਲ਼ਿਆ
ਤੇਰੀਆਂ ਅੱਖੀਆਂ ਕਿਉਂ ਭਰ ਆਈਆਂ
80
ਆਟਾ ਮੇਰਾ ਬੁੜ੍ਹਕਿਆ
ਬੰਨੇ ਬੋਲਿਆ ਕਾਗ
ਤੜਕੇ ਚਿੜੀਆਂ ਜਾਗੀਆਂ
ਸੌਂ ਰਹੇ ਮੇਰੇ ਭਾਗ
81
ਕਾਲ਼ੇ ਬੱਦਲ਼ ਆ ਗਏ
ਬਿਜਲੀ ਦੇ ਲਸ਼ਕਾਰ
ਮੇਰੇ ਨੈਣ ਉਡੀਕ ਵਿੱਚ
ਵਰਸਣ ਮੋਹਲ਼ੇ ਧਾਰ
82
ਫੁਲ ਖ਼ਿੜੇ ਕਚਨਾਰ ਦੇ
ਪੈਲਾਂ ਪਾਵਣ ਮੋਰ
ਚੰਨ ਚੁਫੇਰੇ ਭਾਲਦੇ
ਮੇਰੇ ਨੈਣ ਚਕੋਰ
83
ਚੰਨਾ ਦੂਰ ਵਸੇਂਦਿਆ
ਛਮ ਛਮ ਵਰਸਣ ਨੈਣ
ਤੈਨੂੰ ਤੱਕਣ ਵਾਸਤੇ
ਨਿਸ ਦਿਨ ਤਰਲੇ ਲੈਣ
84
ਕਿਧਰ ਪਾਵਾਂ ਚਿੱਠੀਆਂ
ਦਸ ਨਾ ਗਏ ਮੁਕਾਮ
ਦਰਦ ਕਲੇਜੇ ਉਠਿਆ
ਹੁੰਦਾ ਨਹੀਂ ਆਰਾਮ
85
ਉੱਚਾ ਬੁਰਜ ਲਾਹੌਰ ਦਾ
ਕੋਈ ਹੇਠ ਵਗੇ ਦਰਿਆ
ਸ਼ੱਕਰ ਹੋਵੇ ਤਾਂ ਵੰਡ ਲਾਂ
ਦਰਦ ਨਾ ਵੰਡਿਆ ਜਾ

33