ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਤੱਤੀ ਸੀ ਰੇਤ ਸੜ ਗਏ ਪੈਰ ਮੇਰੇ
ਕਿਧਰ ਗਏ ਕੌਲ ਇਕਰਾਰ ਤੇਰੇ

ਬਲੋਚਾ ਜ਼ਾਲਮਾ ਸੁਣ ਵੈਣ ਮੇਰੇ
ਕਚਾਵਾ ਯਾਰ ਦਾ ਦੋ ਨੈਣ ਮੇਰੇ
ਬਲੋਚਾ ਜ਼ਾਲਮਾ ਸਮਝ ਨਜ਼ਰ ਨੂੰ
ਕਿ ਨਜ਼ਰਾਂ ਤੇਰੀਆਂ ਪਾੜਨ ਪੱਥਰ ਨੂੰ

ਸੱਸੀ ਤੇਰੇ ਬਾਗ ਵਿੱਚ ਮਿਰਚਾਂ ਦਾ ਬੂਟਾ
ਨੀ ਉਹ ਲੱਗਾ ਜਾਂਦੜਾ ਕੌਲਾਂ ਦਾ ਝੂਠਾ

ਸੱਸੀ ਤੇਰੇ ਬਾਗ ਵਿੱਚ ਘੁੱਗੀਆਂ ਦਾ ਜੋੜਾ
ਕਿ ਚੰਦਰੀ ਨੀਂਦ ਨੇ ਪਾਇਆ ਵਿਛੋੜਾ

ਸੱਸੀ ਤੇਰੇ ਬਾਗ ਵਿੱਚ ਉਤਰੇ ਬਪਾਰੀ
ਆਪੇ ਤੁਰ ਜਾਣਗੇ ਕਰਕੇ ਤਿਆਰੀ

ਬਲੋਚਾ ਜ਼ਾਲਮਾ ਨਾ ਮਾਰ ਤਾਹਨੇ
ਰਬ ਦੇ ਵਾਸਤੇ ਮਿਲ ਜਾ ਮਦਾਨੇ

ਬਲੋਚਾ ਜ਼ਾਲਮਾ ਨਾ ਮਾਰ ਸੀਟੀ
ਅੱਲਾ ਦੇ ਵਾਸਤੇ ਮਿਲ ਜਾ ਮਸੀਤੀਂ
9
ਦਿਨ ਚੜ੍ਹਿਆ ਤੇ ਪੈ ਗਈ ਜੁਦਾਈ ਵੇ
ਨਹੀਂ ਕੋਈ ਗੱਲ ਪੁੱਛ ਲਈ
ਸੱਸੀ ਚੋਰੀ ਚੋਰੀ ਪ੍ਰੀਤ ਲਗਾਈ ਵੇ

ਰਾਤ ਅੰਧੇਰੀ ਵੇਲੇ ਕੁਵੇਲੇ
ਮਾਏ ਨੀ ਢੂੰਡਾਂ ਜੰਗਲ ਬੇਲੇ
ਦਿਸਦਾ ਨਹੀਂ ਮੇਰਾ ਮਾਹੀ ਵੇ

ਚੜ੍ਹ ਕੋਠੇ ਤੇ ਮਾਰੀ ਝਾਤੀ
ਦਿਸਦੀ ਨਹੀਂ ਮੇਰੇ ਪੁੰਨੂੰ ਦੀ ਡਾਚੀ
ਨਾ ਦਿਸੇ ਸੋਹਣਾ ਮਾਹੀ ਵੇ

ਦਿਨ ਚੜ੍ਹਿਆ ਤੇ ਪੈ ਗਈ ਜੁਦਾਈ ਵੇ
ਨਹੀਂ ਕੋਈ ਗੱਲ ਪੁੱਛ ਲਈ
ਸੱਸੀ ਚੋਰੀ ਚੋਰੀ ਪ੍ਰੀਤ ਲਗਾਈ ਵੇ

77