ਸਮੱਗਰੀ 'ਤੇ ਜਾਓ

ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/99

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ



ਸੁਹਾਗ ਘੋੜੀਆਂ

ਵਿਆਹ ਦਾ ਸਮਾਗਮ ਪੰਜਾਬੀਆਂ ਲਈ ਅਦੁੱਤੀ ਮਹੱਤਤਾ ਰੱਖਦਾ ਹੈ। ਇਹ ਉਹਨਾਂ ਦੀ ਜਿੰਦਗੀ 'ਚ ਕਈ ਪਰਕਾਰ ਦੀਆਂ ਮਾਨਸਿਕ ਰਾਹਤਾਂ ਅਤੇ ਰੰਗੀਨੀਆਂ ਲੈ ਕੇ ਆਉਂਦਾ ਹੈ। ਇਸ ਲਈ ਸਮੂਹ ਪੰਜਾਬੀ ਵਿਆਹ ਦੇ ਅਵਸਰ ਨੂੰ ਬੜੀ ਤੀਬਰਤਾ ਨਾਲ ਉਡੀਕਦੇ ਹਨ।ਮਰਦ ਨਵੇਂ ਕੱਪੜੇ ਸਮਾਉਂਦੇ ਹਨ, ਜਨਾਨੀਆਂ ਆਪਣੇ ਹਾਰ ਸ਼ਿੰਗਾਰ ਲਈ ਗਹਿਣੇ ਗੱਟੇ ਖ਼ਰੀਦ ਦੀਆਂ ਹਨ। ਵਿਆਹ ਕਿਸੇ ਦੇ ਘਰ ਹੁੰਦਾ ਹੈ ਚਾਅ ਸਾਰੇ ਸ਼ਰੀਕੇ ਨੂੰ ਚੜ੍ਹਿਆ ਹੁੰਦਾ ਹੈ। ਚਾਅ ਝਲਿਆ ਨੀ ਜਾਂਦਾ ਹਰ ਪਾਸੇ ਖ਼ੁਸ਼ੀਆਂ ਦਾ ਮਾਹੌਲ ਸਿਰਜਿਆ ਜਾਂਦਾ ਹੈ।
ਵਿਆਹ ਸਮੇਂ ਘੋੜੀਆਂ ਅਤੇ ਸੁਹਾਗ ਦੇ ਗੀਤ ਗਾਉਣ ਦੀ ਪਰੰਪਰਾ ਹੈ। ਇਹ ਵਿਆਹ ਦੇ ਪ੍ਰਮੁੱਖ ਲੋਕ ਗੀਤ ਹਨ। ਧੀ ਵਾਲੇ ਘਰ ਸੁਹਾਗ ਗਾਏ ਜਾਂਦੇ ਹਨ ਅਤੇ ਮੁੰਡੇ ਵਾਲ਼ੇ ਘਰ ਘੋੜੀਆਂ ਗਾਉਣ ਦਾ ਰਿਵਾਜ ਹੈ। ਵਿਆਹ ਵਾਲੇ ਦਿਨ ਤੋਂ ਇਕ ਮਹੀਨਾ ਪਹਿਲਾਂ ਮੁੰਡੇ ਕੁੜੀ ਦੇ ਘਰਾਂ ਵਿੱਚ ਗਾਉਣ ਸ਼ੁਰੂ ਹੋ ਜਾਂਦਾ ਹੈ ਜਿਸ ਨੂੰ ਗਾਉਣ ਬਠਾਉਣਾ ਆਖਦੇ ਹਨ। ਰਾਤ ਸਮੇਂ ਰੋਟੀ ਟੁਕ ਨਬੇੜਨ ਮਗਰੋਂ ਗਲੀ ਗੁਆਂਢ ਅਤੇ ਸ਼ਰੀਕੇ ਦੀਆਂ ਕੁੜੀਆਂ ਤੇ ਤੀਵੀਆਂ ਵਿਆਹ ਵਾਲ਼ੇ ਘਰ ਆ ਕੇ ਘੋੜੀਆਂ ਤੇ ਸੁਹਾਗ ਗਾ ਕੇ ਆਪਣੇ ਦਿਲਾਂ ਦੇ ਗੁੱਭ ਗੁਭਾੜ ਕਢਦੀਆਂ ਹਨ। ਅਧੀ ਅਧੀ ਰਾਤ ਤਕ ਗੀਤਾਂ ਦੀ ਮਹਿਫਲ ਜੁੜੀ ਰਹਿੰਦੀ ਹੈ।
ਮੁੰਡੇ ਕੁੜੀ ਵਾਲੇ ਘਰ ਵਿਆਹ ਦੀਆਂ ਵਖ ਵਖ ਰੀਤਾਂ ਸਮੇਂ ਘੋੜੀਆਂ ਤੇ ਸੁਹਾਗ ਗਾਏ ਜਾਂਦੇ ਹਨ। ਆਮ ਕਰਕੇ ਸੁਹਾਗ ਤੇ ਘੋੜੀਆਂ ਜਨਾਨੀਆਂ ਜੋਟੇ ਬਣਾ ਕੇ ਗਾਉਂਦੀਆਂ ਹਨ। ਸਮੂਹਕ ਰੂਪ ਵਿੱਚ ਵੀ ਕਦੀ ਕਦੀ ਗਾ ਲੈਂਦੀਆਂ ਹਨ। ਇਹਨਾਂ ਤੋਂ ਬਿਨਾਂ ਹੋਰ ਗੀਤ ਵੀ ਗਾਏ ਜਾਂਦੇ ਹਨ ਜਿਨ੍ਹਾਂ ਨੂੰ ਸ਼ਗਨਾਂ ਦੇ ਗੀਤ ਆਖਦੇ ਹਨ।
ਸੁਹਾਗ ਅਤੇ ਘੋੜੀਆਂ ਔਰਤਾਂ ਦੇ ਮਨੋਭਾਵਾਂ ਦੀ ਤਰਜਮਾਨੀ ਕਰਨ ਵਾਲੇ ਗੀਤ ਹਨ। ਮਰਦ ਦੀ ਸਰਦਾਰੀ ਕਾਰਨ ਔਰਤ ਸਦੀਆਂ ਤੋਂ ਦਬੀ ਰਹੀ ਹੈ-ਪੇਕੇ ਘਰ ਵਿੱਚ ਉਸ ਨੂੰ ਕਈ ਇਕ ਪਰਿਵਾਰਕ ਅਤੇ ਸਮਾਜਕ ਬੰਦਸ਼ਾਂ ਦੇ ਘੇਰੇ ਵਿੱਚ ਰਹਿਣਾ ਪੈਂਦਾ ਹੈ ਉਹ ਅਪਣੇ ਮਨ ਦੀ ਗਲ ਖੋਹਲਕੇ ਨਾ ਅਪਣੇ ਬਾਬਲ ਨਾਲ਼ ਕਰ ਸਕਦੀ ਹੈ ਨਾ ਪਰਿਵਾਰ ਦੇ ਹੋਰ ਜੀਆਂ ਨਾਲ। ਸਹੁਰੇ ਘਰ ਵਿੱਚ ਵੀ ਉਸ ਨੂੰ ਸੈਆਂ ਸਮਾਜੀ ਬੰਦਸ਼ਾਂ ਦਾ ਸਾਹਮਣਾ ਕਰਾਨ ਪੈਂਦਾ ਹੈ। ਵਿਆਹ ਦੇ ਅਵਸਰ ਤੇ ਗਾਏ ਜਾਂਦੇ ਸੁਹਾਗ ਤੇ ਘੋੜੀਆਂ ਉਸ ਨੂੰ ਅਪਣੇ ਦਿਲਾਂ ਦੀ ਦਾਸਤਾਨ ਬਿਆਨ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ। ਘੋੜੀਆਂ ਤੇ ਸੁਹਾਗ ਪੰਜਾਬ ਦੇ ਸੱਭਿਆਚਾਰਕ ਤੇ ਸਮਾਜਕ ਇਤਿਹਾਸ ਦਾ ਮਹੱਤਵਪੂਰਨ ਕਾਂਡ ਹਨ।
ਪੰਜਾਬ ਵਿੱਚ ਆਏ ਹਰੇ ਇਨਕਲਾਬ ਕਾਰਨ ਪੰਜਾਬ ਦੇ ਸਮਾਜਕ ਜੀਵਨ ਵਿੱਚ ਢੇਰ ਸਾਰੀਆਂ ਤਬਦੀਲੀਆਂ ਵਾਪਰੀਆਂ ਹਨ ਜਿਸ ਦਾ ਪ੍ਰਭਾਵ ਵਿਆਹ ਦੀਆਂ ਰਸਮਾਂ ਤੇ ਵੀ ਪਿਆ ਹੈ। ਘੋੜੀਆਂ ਤੇ ਸੁਹਾਗ ਗਾਉਣ ਦੀ ਪਰੰਪਰਾ ਸਮਾਪਤ ਹੋ ਰਹੀ ਹੈ। ਹੌਲ਼ੀ ਹੌਲ਼ੀ ਇਹਨਾਂ ਨੂੰ ਗਾਉਣ ਵਾਲ਼ੀ ਪੀੜ੍ਹੀ ਮੁਕਦੀ ਜਾ ਰਹੀ ਹੈ, ਇਹ ਵੀ ਮੁਕ ਜਾਣਗੀਆਂ। ਸਾਡੀ ਨਵੀਂ ਪੀੜ੍ਹੀ ਅਪਣੇ ਵਿਰਸੇ ਤੋਂ ਕੋਹਾਂ ਦੂਰ ਭਜ ਰਹੀ ਹੈ।93