'ਪਾਕਿਸਤਾਨੀ' ਸ਼ਬਦ ਧਿਆਨ ਵਿੱਚ ਆਉਂਦਿਆਂ ਹੀ ਜਾਵੇਦ ਦੀਆਂ ਅੱਖਾਂ ਫੱਟ ਖੁੱਲ੍ਹ ਗਈਆਂ। ਉਸਨੇ ਕਦੇ ਵੀ ਢਿੱਲੋਂ ਦੇ ਇਸ ਸ਼ਬਦ ਤੇ ਗੁੱਸਾ ਨਹੀਂ ਸੀ ਕੀਤਾ। ਪਰ ਜਦੋਂ ਕੋਈ ਹੋਰ ਉਸਨੂੰ ਪਾਕਿਸਤਾਨੀ ਕਹਿੰਦਾ ਤਾਂ ਉਸਨੂੰ ਗੁੱਸਾ ਚੜ੍ਹ ਜਾਂਦਾ। ਪਰ ਉੱਪਰੋਂ-ਉੱਪਰੋਂ ਉਹ ਮਜ਼ਾਕੀਆ ਚਿਹਰਾ ਬਣਾਉਣ ਦੀ ਕੋਸ਼ਿਸ਼ ਕਰਦਾ।
ਅਸਲ ਵਿੱਚ ਢਿੱਲੋਂ ਤੋਂ ਇਲਾਵਾ ਬਾਕੀ ਸਾਰੇ ਖੁੰਧਕ ਖਾ ਕੇ ਉਸਨੂੰ ਅਜਿਹੇ ਸ਼ਬਦ ਬੋਲਦੇ ਸਨ। ਕਦੇ ਉਹ ਮਰਦ ਨੂੰ ਚਾਰ ਵਿਆਹਾਂ ਦੇ ਅਧਿਕਾਰ ਤੇ ਟਿੱਪਣੀ ਕਰਦੇ ਅਤੇ ਕਦੇ ਇਸਲਾਮ ਦੇ ਕਿਸੇ ਹੋਰ ਨਿਯਮ ਦਾ ਮਜ਼ਾਕ ਉਡਾਉਂਦੇ। ਅਜਿਹੇ ਵਰਤਾਓ ਕਾਰਨ ਜਾਵੇਦ ਦਾ ਹੋਸਟਲ ਵਿੱਚ ਦਿਲ ਨਾ ਲੱਗਦਾ, ਤੇ ਉਹ ਘਰ ਵਾਪਿਸ ਆ ਜਾਂਦਾ। ਪਰ ਉਸਦੀ ਅੰਮੀ ਉਸਨੂੰ ਬਹੁਤ ਸਮਝਾਉਂਦੀ, "ਪੁੱਤ, ਮੈਡੀਕਲ ਕਾਲਜਾਂ ਵਿੱਚ ਦਾਖਲੇ ਕਿਹੜਾ ਆਸਾਨੀ ਨਾਲ ਮਿਲਦੇ ਨੇ! ਮਸਾਂ ਤਾਂ ਤੈਨੂੰ ਐਮ. ਬੀ. ਬੀ. ਐਸ. ਵਿੱਚ ਦਾਖਲਾ ਮਿਲਿਐ! ਨਾ ਮੇਰਾ ਪੁੱਤਰ, ਸ਼ੇਰ ਬਣ! ਲੋਕਾਂ ਦਾ ਕੀ ਐ, ਇਹ ਤਾਂ ਕੁਸ਼ ਨਾ ਕੁਸ਼ ਕਹਿੰਦੇ ਈ ਰਹਿੰਦੇ ਨੇ! ਜੇ ਤੂੰ ਏਸ ਤਰ੍ਹਾਂ ਢੇਰੀ ਢਾਹ ਲੇਂਗਾ, ਤਾਂ ਤੇਰੇ ਮਰੇ ਬਾਪ ਦਾ ਸੁਪਨਾ ਕਿਵੇਂ ਪੂਰਾ ਕਰੇਂਗਾ?" ਜਾਵੇਦ ਵੀ ਵਗੈਰ ਸਿਰ ਦੇ ਸਾਈਂ ਵਾਲੀ ਮਾਂ ਤੇ ਛੋਟੇ ਜਿਹੇ ਨਾਵੇਦ ਵੱਲ ਵੇਖ ਕੇ ਪਿਘਲ ਜਾਂਦਾ ਤੇ ਵਾਪਿਸ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿੱਚ ਚਲਿਆ ਜਾਂਦਾ।
ਜਦੋਂ ਕਦੇ ਭਾਰਤ ਅਤੇ ਪਾਕਿਸਤਾਨ ਦਾ ਕ੍ਰਿਕੇਟ ਮੈਚ ਹੁੰਦਾ, ਤਾਂ ਹੋਸਟਲ ਦਾ ਟੀ.ਵੀ. ਰੂਮ ਭਰਿਆ ਪਿਆ ਹੁੰਦਾ। ਸਾਰੇ ਮੁੰਡੇ ਡਟ ਕੇ ਭਾਰਤ ਦਾ ਪੱਖ ਲੈਂਦੇ। ਜਾਵੇਦ ਵੀ ਉਹਨਾਂ ਦੀ ਹਮਦਰਦੀ ਪ੍ਰਾਪਤ ਕਰਨ ਲਈ ਅਤੇ ਆਪਣੀ ਦੇਸ਼ਭਗਤੀ ਦਿਖਾਉਣ ਲਈ ਉੱਚੀ-ਉੱਚੀ ਬੋਲ ਕੇ ਭਾਰਤ ਦਾ ਪੱਖ ਪੂਰਦਾ। ਪਰ ਸਾਰੇ ਮੁੰਡੇ ਉਸਦੀਆਂ ਭਾਵਨਾਵਾਂ ਦੀ ਪਰਵਾਹ ਕੀਤੇ ਬਿਨਾ ਪਾਕਿਸਤਾਨੀ ਖਿਡਾਰੀਆਂ ਨੂੰ 'ਮੁਸਲੇ' ਕਹਿ ਕੇ ਗਾਲ੍ਹਾਂ ਕੱਢਦੇ। ਸੁਣਕੇ ਜਾਵੇਦ ਦੁਖੀ ਤਾਂ ਬਹੁਤ ਹੁੰਦਾ, ਪਰ ਪੂਰੇ ਕਾਲਜ ਵਿੱਚ ਇੱਕਲਾ ਮੁਸਲਮਾਨ ਹੋਣ ਕਰਕੇ ਚੁੱਪ ਕਰ ਜਾਂਦਾ। ਪਰ ਦਿਲੋਂ ਉਹ ਚਾਹੁੰਦਾ ਕਿ ਭਾਰਤ ਪਾਕਿਸਤਾਨ ਕੋਲੋਂ ਬੁਰੀ ਤਰ੍ਹਾਂ ਨਾਲ ਹਾਰ ਜਾਵੇ। ਇਸ ਤਰ੍ਹਾਂ ਹੌਲੀ-ਹੌਲੀ ਉਹ ਭਾਰਤੀ ਸਮਰਥਕ ਤੋਂ ਕੱਟੜ ਪਾਕਿਸਤਾਨੀ ਸਮਰਥਕ ਬਣ ਗਿਆ।
ਪੂਰੇ ਹੋਸਟਲ ਵਿੱਚ ਢਿੱਲੋਂ ਹੀ ਉਸਦੇ ਜਜ਼ਬਾਤਾਂ ਨੂੰ ਸਮਝਦਾ ਸੀ। ਢਿੱਲੋਂ ਗੁਰਦਾਸਪੁਰ ਦੇ ਇੱਕ ਮੱਧ-ਸ਼੍ਰੇਣੀ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਜਾਵੇਦ ਦਾ ਬੈਚਮੇਟ ਹੋਣ ਕਰਕੇ ਉਹ ਉਸਦਾ ਦੋਸਤ ਬਣ ਗਿਆ ਸੀ। ਹੁਣ ਅੰਮ੍ਰਿਤਸਰ ਵਿੱਚ ਉਸਦਾ ਆਪਣਾ ਕਲੀਨਿਕ ਸੀ।
ਐਮ. ਬੀ. ਸੀ. ਐਸ. ਕਰ ਲੈਣ ਤੋਂ ਬਾਅਦ ਜਾਵੇਦ ਪਟਿਆਲੇ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਡਾਕਟਰ ਲੱਗ ਗਿਆ। ਉੱਥੇ ਸਾਰੇ ਹੀ ਉਸਨੂੰ ‘ਡਾਕਟਰ ਫਾਰੂਕੀ' ਕਹਿ ਕੇ ਬੁਲਾਉਂਦੇ। ਉੱਥੇ ਕੋਈ ਵੀ ਉਸਨੂੰ 'ਪਾਕਿਸਤਾਨੀਂ' ਨਹੀਂ ਕਹਿੰਦਾ ਸੀ। ਜਾਵੇਦ ਬਹੁਤ ਖੁਸ਼ ਸੀ। ਸ਼ਾਇਦ ਉੱਥੇ ਸਾਰੇ ਪੜ੍ਹੇ-ਲਿਖੇ ਤੇ ਸਿਆਣੇ ਲੋਕ ਹੋਣ ਕਰਕੇ ਅਸਲੀਅਤ ਨੂੰ ਸਮਝਣ ਦੇ ਸਮਰਥ ਸਨ।
2/ਪਾਕਿਸਤਾਨੀ