ਸਮੱਗਰੀ 'ਤੇ ਜਾਓ

ਪੰਨਾ:ਪਾਕਿਸਤਾਨੀ.pdf/21

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਜਵਾਬ ਦਿੱਤਾ। ਉਹਦੀ ਹਿਮਾਇਤ ਵਿੱਚ ਦੂਜਾ ਮੁੰਡਾ ਬੋਲ ਪਿਆ, "ਏਸ ਦੇ ਚਾਲਿਆਂ ਨੇ ਮਾਰਿਐ ਬਲਬੀਰ!....... ਇਹਦਾ ਇਹ ਨ੍ਹੀਂ ਪਤਾ, ਕੁਸ਼ ਦੇ-ਦੂ ਤਾ ਹੋਵੇ ਉਹਨੂੰ!"

"ਉਏ, ਆਪਾਂ ਕਿਹੜਾ ਅੱਖੀਂ ਦੇਖਿਐ! ਰੱਬ ਨੂੰ ਈ ਪਤੈ!" ਬਾਬੇ ਨੇ ਸਿਆਣਪ ਨਾਲ ਆਪਣਾ ਪੱਲੜਾ ਭਾਰੀ ਕਰਨ ਦੀ ਕੋਸ਼ਿਸ਼ ਕੀਤੀ।

"ਦੇਖਿਆ ਈ ਹੋਇਐ, ਬਾਬਾ! ਸਾਰਾ ਪਿੰਡ ਜਾਣਦੈ, ਇਹਦੀਆਂ ਪਾਲੇ ਨਾਲ ਕਰਤੂਤਾਂ!" ਪਹਿਲੇ ਨੌਜਵਾਨ ਨੇ ਦ੍ਰਿੜ੍ਹਤਾ ਨਾਲ ਬਜ਼ੁਰਗ ਨੂੰ ਝੁਠਲਾਉਣ ਦੀ ਕੋਸ਼ਿਸ਼ ਕੀਤੀ।

"ਓ, ਕਾਹਨੂੰ, ਕਾਕਾ! ਸ਼ਰਾਬ ਨੇ ਗੁਰਦੇ ਗਾਲ ’ਤੇ ਉਹਦੇ। ਕਹਿਣ ਨੂੰ ਜੋ ਮਰਜੀ ਕਹੀ ਚੱਲੋ!" ਇੱਕ ਅੱਧਖੜ ਉਮਰ ਦੇ ਵਿਅਕਤੀ ਨੇ ਵੀ ਆਪਣਾ ਪੱਖ ਰੱਖਿਆ।

"ਓ, ਕਾਹਨੂੰ, ਚਾਚਾ!......" ਸਿਰ ਮਾਰਦਿਆਂ ਪਹਿਲਾ ਨੌਜਵਾਨ ਚੁੱਪ ਕਰ ਗਿਆ।

ਬਾਬੇ ਨੇ ਵੀ ਗੱਲ ਦਾ ਰੁਖ ਮੋੜਿਆ, "........ ਜੋ ਵੀ ਐ, ਭਾਈ! ਘਰ ਖਾਲੀ ਹੋ ਗਿਆ ਵਚਾਰਿਆਂ ਦਾ! ਪਹਿਲਾਂ ਪਿਉ ਤੁਰ ਗਿਆ, ਤੇ ਹੁਣ ਆਪ......!"

ਕੁਝ ਸਾਲ ਪਹਿਲਾਂ ਐਕਸੀਡੈਂਟ ’ਚ ਬਾਪ ਦੀ ਮੌਤ ਤੋਂ ਬਾਅਦ ਜ਼ਮੀਨ ਤੇ ਖੇਤੀਬਾੜੀ ਬਲਵੀਰ ਸਿਰ ਆ ਪਈ ਸੀ।

ਬਲਵੀਰ ਸੀ ਤਾਂ ਸਾਊ ਕਿਸਮ ਦਾ, ਪਰ ਉਹ ਸ਼ਰਾਬ ਬਹੁਤ ਪੀਂਦਾ ਸੀ। ਉਹਦੀ ਮਾਂ ਨੂੰ ਡਰ ਪੈਦਾ ਹੋ ਗਿਆ- "ਕਿਤੇ ਸਾਰੀ ਜ਼ਮੀਨ ਢਾਣੀਆਂ 'ਚ ਦਾਰੂ ਪੀ ਕੇ ਈ ਨਾ ਉੜਾ ਦਵੇ!"

ਕਈਆਂ ਨੇ ਉਸ ਨੂੰ ਸੁਝਾਅ ਦਿੱਤਾ, "ਮੁੰਡੇ ਦਾ ਵਿਆਹ ਕਰਦੇ! ਆਪੇ ਸੁਧਰ ਜਾਊ।"

ਮਾਂ ਨੇ ਵੀ ਸੋਚਿਆ, "ਕੀ ਪਤੈ, ਬਹੂ ’ਚ ਖੁੱਭ ਕੇ ਘਰ ਵੱਲ ਧਿਆਨ ਦੇਣ ਲੱਗ-ਪੇ!"

ਤੇ ਉਸਦੀ ਸੋਚ ਸਹੀ ਸਿੱਧ ਹੋਈ। ਵਿਆਹ ਤੋਂ ਬਾਅਦ ਬਲਵੀਰ ਦੀ ਸ਼ਰਾਬ ਪੀਣ ਦੀ ਆਦਤ ਬਹੁਤ ਘਟ ਗਈ। ਹੁਣ ਜੇ ਉਹ ਪੰਦਾ ਵੀ ਸੀ ਤਾਂ ਕਿਸੇ ਵਿਆਹ-ਸ਼ਾਦੀ ਦੇ ਮੌਕੇ ਤੇ। ਢਾਣੀਆਂ ਦੀ ਸੰਗਤ ਤਾਂ ਉਹਨੇ ਬਿਲਕੁਲ ਹੀ ਤਿਆਗ ਦਿੱਤੀ।

ਰਿਸ਼ਤੇਦਾਰੀ ਤੇ ਗੁਆਂਢ ਦੀਆਂ ਬੁੱਢੀਆਂ ਵੀ ਗੱਲਾਂ ਕਰਨ ਲੱਗ ਪਈਆਂ, "ਨੀ, ਬਹੂ ਨੇ ਤਾਂ ਕਮਾਲ ਈ ਕਰ ਤੀ!........."

"ਵੀਰਾ ਤਾਂ ਹੁਣ ਭਾਬੀ ਦੀਆਂ ਅੱਖਾਂ ਨਾਲ ਈ ਨਸ਼ਿਆਇਆ ਰਹਿੰਦੈ! ਹੁਣ ਦਾਰੂ ਉਹਨੇ ਕੀ ਕਰਨੀ ਐ!" ਦੂਰੋਂ ਲੱਗਦੀਆਂ ਭੈਣਾਂ ਟਿੱਚਰ-ਮਖੌਲ ਕਰਦੀਆਂ।

"ਕੀ ਗੱਲ ਭਰਾਵਾ, ਵਿਆਹ ਕਰਵਾ ਕੇ ਤਾਂ ਤੂੰ ਸਾਨੂੰ ਭੁੱਲ ਈ ਗਿਐਂ!"

13/ਪਾਕਿਸਤਾਨੀ