ਪੰਨਾ:ਪਾਕਿਸਤਾਨੀ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਆਹ ਤੋਂ ਕੁਝ ਮਹੀਨੇ ਬਾਅਦ ਪਾਲਾ ਬਲਵੀਰ ਦੇ ਘਰ ਆਇਆ ਸੀ।

"ਨਹੀਂ, ਯਾਰ ......!ਉਹ ਗੱਲ ਨ੍ਹੀਂ...... ਬੱਸ! ਤੈਨੂੰ ਪਤਾ ਈ ਐ, ਮੈਂ ਪੀਣੀ ਘਟਾ 'ਤੀ!" ਬਲਵੀਰ ਨੇ ਸਾਵਧਾਨੀ ਨਾਲ ਸ਼ਬਦ ਇਕੱਠੇ ਕੀਤੇ।

"ਮੈਨੂੰ ਤਾਂ ਆਪ ਖ਼ੁਸ਼ੀ ਐ, ਬਈ, ਪੀਣੀ ਘੱਟ ਕਰ 'ਤੀ! ਪਰ, ਯਾਰੀ ਤਾਂ ਨ੍ਹੀਂ ਛੱਡੀ!

"ਨਹੀਂ, ਯਾਰ! ਆਪਣੀ ਯਾਰੀ ਕਿੱਥੋਂ ਟੁੱਟ ਜਾਊ!" ਬਲਵੀਰ ਨੇ ਪਾਲੇ ਦੇ ਮੋਢੇ ਤੇ ਹੱਥ ਧਰਿਆ।

ਮਨਪ੍ਰੀਤ ਚਾਹ ਲੈ ਆਈ।

"ਸਤਿ ਸ੍ਰੀ ਅਕਾਲ, ਭਾਬੀ!" ਪਾਲਾ ਮਨਪ੍ਰੀਤ ਨੂੰ ਸੰਬੋਧਿਤ ਹੋਇਆ। ਮਨਪ੍ਰੀਤ ਨੇ ਹੌਲੀ ਆਵਾਜ਼ 'ਚ ਜਵਾਬ ਦਿੱਤਾ।

"ਸੰਗਣ ਦੀ ਲੋੜ ਨ੍ਹੀਂ! ਇਹ ਤਾਂ ਮਿੱਤਰ ਐ ਆਪਣਾ! ਆਸਟ੍ਰੇਲੀਆ ਜਾਣ ਦੀਆਂ ਤਿਆਰੀਆਂ ਕਰੀ ਜਾਂਦੈ!" ਬਲਵੀਰ ਨੇ ਪਾਲੇ ਦੀ ਜਾਣ-ਪਹਿਚਾਣ ਕਰਵਾਉਣ ਦੇ ਲਹਿਜੇ ਵਿੱਚ ਕਿਹਾ।

"ਚਲੇ ਤਾਂ ਹੁਣ ਨੂੰ ਕਦੋਂ ਦੇ ਜਾਂਦੇ, ਬਲਬੀਰ ਬਾਈ! ਬੱਸ, ਯਾਰਾਂ-ਬੇਲੀਆਂ ਨੂੰ ਛੱਡ ਕੇ ਜਾਣ ਨੂੰ ਜੀਅ ਨ੍ਹੀਂ ਕਰਦਾ!" ਕਹਿੰਦਿਆਂ ਪਾਲੇ ਨੇ ਟੇਢੀ ਨਜ਼ਰ ਨਾਲ ਮਨਪ੍ਰੀਤ ਨੂੰ ਨੁਹਾਰਿਆ।

"ਤੂੰ, ਪਾਲਿਆ, ਘਰ ਈ ਆ ਜਿਆ ਕਰ, ਯਾਰ! ਬਾਹਰ ਜਾਣ ਤੋਂ ਤਾਂ ਤੇਰੀ ਭਾਬੀ ਗੁੱਸਾ ਕਰੂ!" ਬਲਵੀਰ ਪਾਲੇ ਦੇ ਪੱਟ ਤੇ ਹੱਥ ਮਾਰ ਕੇ ਹੱਸ ਪਿਆ।

ਉਸ ਦਿਨ ਤੋਂ ਬਾਅਦ ਬਲਵੀਰ ਤੇ ਪਾਲਾ ਕਦੇ ਕਦਾਈਂ ਬੈਠਕ 'ਚ ਬੈਠ ਕੇ ਥੋੜੀ-ਬਹੁਤ ਸ਼ਰਾਬ ਪੀ ਲੈਂਦੇ। ਪਾਲੇ ਦੇ ਦੂਰੋਂ ਲੱਗਦੇ ਚਾਚੇ ਦਾ ਮੁੰਡਾ, ਹਰਦੀਪ, ਵੀ ਉਹਨਾਂ ’ਚ ਸ਼ਾਮਿਲ ਹੋਣ ਲੱਗ ਪਿਆ।

"ਚਲ, ਢਾਣੀਆਂ 'ਚ ਬਹਿ ਕੇ ਰੋਜ਼ ਪੀਣ ਨਾਲੋਂ ਤਾਂ ਚੰਗੈ!....... ਨਾਲੇ ...... ਮੁੰਡੇ-ਖੁੰਡਿਆਂ ਤੇ ਬਹੁਤੀ ਪਾਬੰਦੀ ਲਾਈ ਵੀ ਚੰਗੀ ਨੀ ਹੁੰਦੀ।" ਬਲਵੀਰ ਦੀ ਮਾਂ ਆਪਣੇ ਮਨ ਵਿੱਚ ਹੀ ਸੋਚਦੀ ਰਹਿੰਦੀ। ਵੈਸੇ ਵੀ ਮਨਪ੍ਰੀਤ ਤੇ ਉਸਦਾ ਭਰੋਸਾ ਬਹੁਤ ਬੱਝ ਗਿਆ ਸੀ ਕਿ ਉਹ ਆਪਣੇ-ਆਪ ਬਲਵੀਰ ਨੂੰ ਸੰਭਾਲ ਲਵੇਗੀ। ਪਤੀ ਦੀ ਮੌਤ ਤੋਂ ਬਾਅਦ ਖ਼ੁਦ ਉਸ ਵਿੱਚ ਇੰਨੀ ਹਿੰਮਤ ਨਹੀਂ ਸੀ ਬਚੀ ਕਿ ਘਰ ਵਿੱਚ ਟੋਕਾ-ਟਾਕੀ ਕਰਦੀ ਫਿਰੇ।

ਪਾਲੇ ਤੇ ਹਰਦੀਪ ’ਚੋਂ ਜੇ ਕੋਈ ਮਨਪ੍ਰੀਤ ਨੂੰ ਮਜ਼ਾਕ ਵੀ ਕਰ ਦਿੰਦਾ ਤਾਂ ਮਨਪ੍ਰੀਤ ਤੋਂ ਡਰਦਾ ਬਲਵੀਰ ਪਹਿਲਾਂ ਹੀ ਬੋਲ ਪੈਂਦਾ, "ਬਈ, ਭਾਬੀ ਐਂ ਤੂੰ ਇਹਨਾਂ ਦੀ!" ਤੇ ਮਨਪ੍ਰੀਤ ਬੁੱਲੀਆਂ 'ਚ ਮੁਸਕੁਰਾਉਂਦੀ ਕਮਰੇ 'ਚੋਂ ਬਾਹਰ ਚਲੀ ਜਾਂਦੀ।

ਹਰਦੀਪ ਨੂੰ ਤਾਂ ਮਨਪ੍ਰੀਤ ਨੇ ਕਦੇ ਬਹੁਤਾ ਗੌਲਿਆ ਨਾ, ਪਰ ਪਾਲੇ ਦਾ ਮਜ਼ਾਕ ਕਰਨਾ ਉਸਨੂੰ ਚੰਗਾ-ਚੰਗਾ ਲੱਗਣ ਲੱਗ ਪਿਆ ਸੀ। ਉਹ ਚਾਹੁਣ ਲੱਗ

14/ਪਾਕਿਸਤਾਨੀ