ਸਮੱਗਰੀ 'ਤੇ ਜਾਓ

ਪੰਨਾ:ਪਾਕਿਸਤਾਨੀ.pdf/23

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਪਈ ਸੀ ਕਿ ਪਾਲਾ ਕਿਸੇ ਨਾ ਕਿਸੇ ਬਹਾਨੇ ਉਸ ਨਾਲ ਗੱਲਾਂ ਕਰਦਾ ਰਹੇ। ਸਜ-ਧਜ ਕੇ ਆਇਆ ਪਾਲਾ ਉਸਨੂੰ ਖਿੱਚ ਪਾਉਂਦਾ ਸੀ।

ਮਨਪ੍ਰੀਤ ਨੂੰ ਜਿਵੇਂ ਕੁਝ ਵੱਖਰਾ ਮਹਿਸੂਸ ਹੋਣ ਲੱਗ ਪਿਆ ਸੀ। ਉਸਨੂੰ ਹੁਣ ਬਲਵੀਰ ਦੀ ਪਕੜ ਵੀ ਢਿੱਲੀ ਮਹਿਸੂਸ ਹੋਣ ਲੱਗ ਪਈ। ਕਈ ਵਾਰ ਰਾਤ ਨੂੰ ਉਸਨੂੰ ਲੱਗਦਾ ਜਿਵੇਂ ਬਲਵੀਰ ਉਸਨੂੰ 'ਨੋਚ' ਰਿਹਾ ਹੋਵੇ।

"ਦੇਖ, ਕੁੜੀਏ! ਤੇਰੇ ਸਿਰ ਦਾ ਸਾਈਂ ਐ ਉਹ .......!" ਵਿਆਹ ਤੋਂ ਪਹਿਲਾਂ ਮਾਂ ਨੇ ਉਸਨੂੰ ਬਹੁਤ ਸਾਰੀਆਂ ਗੱਲਾਂ ਸਮਝਾਈਆਂ ਸਨ। ਜੋ ਮਾਂ-ਬਾਪ ਨੇ ਕੀਤਾ ਸੀ, ਉਸਨੇ ਖੁਸ਼ੀ-ਖੁਸ਼ੀ ਕਬੂਲ ਕਰ ਲਿਆ ਸੀ।

ਪਰ ਹੁਣ ਮਨਪ੍ਰੀਤ ਅੰਦਰ ਇੱਕ ਵਿਦਰੋਹ ਪਲਣ ਲੱਗ ਪਿਆ ਸੀ। ਉਸਨੂੰ ਮਹਿਸੂਸ ਹੁੰਦਾ ਰਹਿੰਦਾ ਕਿ ਉਸ ਨੇ ਆਪਣੀ ਇੱਛਾ-ਅਣਇੱਛਾ ਬਾਰੇ ਕਦੇ ਸੋਚਿਆ ਹੀ ਨਹੀਂ ਸੀ।

ਬਾਰਵੀਂ 'ਚ ਪੜ੍ਹਦਿਆਂ ਇੱਕ ਮੁੰਡੇ ਨੇ ਉਸ ਨੂੰ ਦੋਸਤੀ ਕਰਨ ਲਈ ਵੀ ਕਿਹਾ ਸੀ। ਪਰ ਡਰਦਿਆਂ ਮਨਪ੍ਰੀਤ ਨੇ ਉਸਨੂੰ ਡਾਂਟ ਦਿੱਤਾ ਸੀ। ਉਸ ਤੋਂ ਬਾਅਦ ਮਨਪ੍ਰੀਤ ਚਾਹੁੰਦੀ ਰਹੀ ਕਿ ਉਹ ਮੁੰਡਾ ਦੁਬਾਰਾ ਫਿਰ ਉਸ ਨਾਲ ਗੱਲ ਕਰੇ, ਪਰ ਉਹ ਮੁੜ ਕੇ ਨਹੀਂ ਆਇਆ। ਨਿਰਾਸ਼ ਹੋ ਕੇ ਮਨਪ੍ਰੀਤ ਨੇ ਭਵਿੱਖ 'ਚ ਹੋਣ ਵਾਲੇ ਆਪਣੇ ਵਿਆਹ ਦੇ ਸੁਪਨਿਆਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਸੀ।

ਪਰ ਹੁਣ ਮਨਪ੍ਰੀਤ ਨੂੰ ਮਹਿਸੂਸ ਹੋਣ ਲੱਗਿਆ ਕਿ ਇਹ ਉਹ ਵਿਆਹ ਨਹੀਂ ਸੀ ਜਿਸਦੇ ਉਸ ਨੇ ਸੁਪਨੇ ਲਏ ਸਨ। ਉਸ ਦਾ ਵਿਆਹ ਤਾਂ ਪਾਲੇ ਵਰਗੇ ‘ਟੋਹਰੀ' ਮੁੰਡੇ ਨਾਲ ਹੋਣਾ ਚਾਹੀਦਾ ਸੀ।

"ਭਾਬੀ, ਤੇਰੀਆਂ ਅੱਖਾਂ ਬਹੁਤ ਸੋਹਣੀਆਂ ਨੇ!" ਪਾਲੇ ਨੇ ਗੱਲਾਂ-ਗੱਲਾਂ ਵਿੱਚ ਜਿਸ ਦਿਨ ਉਸਨੂੰ ਕਿਹਾ ਸੀ, ਉਸ ਤੋਂ ਬਾਅਦ ਉਹ ਕਈ ਦਿਨ ਸ਼ੀਸ਼ੇ ਵਿੱਚ ਆਪਣੀਆਂ ਅੱਖਾਂ ਨੂੰ ਹੀ ਵੇਖਦੀ ਰਹੀ ਸੀ।

"ਭਾਬੀ! ਤੂੰ ਮੇਰੀਆਂ ਗੱਲਾਂ ਦਾ ਗੁੱਸਾ ਤਾਂ ਨੀਂ ਕਰਦੀ?" ਇੱਕ ਦਿਨ ਬੈਠਕ ’ਚ ਬੈਠਿਆਂ ਪਾਲੇ ਨੇ ਉਸ ਤੋਂ ਪੁੱਛਿਆ। ਬਲਵੀਰ ਨੇ ਹਾਲੀਂ ਖੇਤੋਂ ਮੁੜਨਾ ਸੀ। ਪਾਲਾ ਵੀ ਕੁਝ ਛੇਤੀ ਹੀ ਆ ਕੇ ਉਸਦੀ ਉਡੀਕ ਕਰਨ ਲੱਗ ਪਿਆ ਸੀ। ਮਨਪ੍ਰੀਤ ਦੀ ਸੱਸ ਰਿਸ਼ਤੇਦਾਰੀ ਵਿੱਚ ਕਿਧਰੇ ਗਈ ਹੋਈ ਸੀ।

"ਅੱਗੇ ਕਦੇ ਮੈਂ ਤੇਰੀ ਗੱਲ ਦਾ ਗੁੱਸਾ ਕੀਤੈ?" ਮਨਪ੍ਰੀਤ ਨੇ ਸੰਗਦਿਆਂ ਜਵਾਬ ਦਿੱਤਾ।

"ਭਾਈ! ਅਸਲ 'ਚ, ਤੇਰੀਆਂ ਅੱਖਾਂ ਦੀ ਤਰੀਫ ਕੀਤੇ ਬਿਨਾਂ ਮੈਂ ਰਹਿ ਈ ਨ੍ਹੀਂ ਸਕਦਾ........!" ਪਾਲੇ ਨੇ ਮਨਪ੍ਰੀਤ ਦੀਆਂ ਅੱਖਾਂ ਵਿੱਚ ਅੱਖਾਂ ਪਾਈਆਂ।

ਮਨਪ੍ਰੀਤ ਨੇ ਮੁਸਕੁਰਾ ਕੇ ਅੱਖਾਂ ਝੁਕਾ ਲਈਆਂ, "ਐਮੇ ਝੂਠੀ ਤਰੀਫ .......!"

"ਸੱਚੀਂ!"

ਮਨਪ੍ਰੀਤ ਹਾਲੀਂ ਸੋਚ ਹੀ ਰਹੀ ਸੀ ਕਿ ਉਹ ਕੀ ਜਵਾਬ ਦੇਵੇ ਕਿ ਉਸਨੂੰ

15/ਪਾਕਿਸਤਾਨੀ