ਪੰਨਾ:ਪਾਕਿਸਤਾਨੀ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰ ਦਿੰਦੈ। ਭੁੱਖ ਨਲ ਵਿਲਕਦੇ ਬੱਚੇ ਮੇਰੇ ਤੋਂ ਤਾਂ ਦੇਖੇ ਨ੍ਹੀਂ ਜਾਂਦੇ... ਤੇ ਨਾ ਮੈਂ ਕਿਸੇ ਕੋਲ ਗੱਲ ਕਰਨੀ ਜੋਗੀ ਆਂ!....!"

"ਜੇ ਕਹੇਂ ਤਾਂ ਮੈਂ ਰਕੇਸ਼ ਨਾਲ ਗੱਲ ਕਰਕੇ ਦੇਖਾਂ? ..."

"ਨਾਂਹ," ਰਜਨੀ ਤ੍ਰਭਕੀ, "ਘਰ ਨਾ ਕਿਸੇ ਨੂੰ ਦੱਸੀਂ! ਜੇ ਭਾਅ ਜੀ ਨੂੰ ਪਤਾ ਲੱਗ ਗਿਆ ਤਾਂ...! ... ਭੈਣ ਬਣ ਕੇ ਇਹ ਗੱਲ ਕਿਸੇ ਹੋਰ ਕੋਲ ਨਾ ਕਰੀਂ।"

... ਤੇ ਨਾ ਚਾਹੁੰਦਿਆਂ ਵੀ ਊਸ਼ਾ ਨੇ ਗੱਲ ਨੂੰ ਆਪਣੇ ਅੰਦਰ ਦੱਬ ਕੇ ਰੱਖ ਲਿਆ ਸੀ।

ਪਰ ਅਗਲੀ ਵਾਰ ਉਸ ਤੋਂ ਰਜਨੀ ਦਾ ਦੁੱਖ ਵੇਖਿਆ ਨਹੀਂ ਗਿਆ, ਤੇ ਉਸ ਨੇ ਰਕੇਸ਼ ਕੋਲ ਗੱਲ ਕਰ ਹੀ ਦਿੱਤੀ।

ਜਦੋਂ ਰਕੇਸ਼ ਨੂੰ ਪਤਾ ਲੱਗਿਆ ਕਿ ਰਜਨੀ ਦਾ ਪਤੀ ਉਸ ਨੂੰ ਗੈਰ-ਮਰਦਾਂ ਨਾਲ ਰਾਤਾਂ ਕੱਟਣ ਲਈ ਮਜਬੂਰ ਕਰਦਾ ਹੈ ਤਾਂ ਉਹ ਗੁੱਸੇ ਨਾਲ ਤੜਪ ਉੱਠਿਆ।

..."ਰਕੇਸ਼ ਨੇ ਹੀ ਭਾਅ ਜੀ ਨਾਲ ਗੱਲ ਕੀਤੀ ਹੋਣੀ ਐ!"

ਪਰ ਉਸ਼ਾ ਨੂੰ ਅੱਜ ਤੱਕ ਸਮਝ ਨਹੀਂ ਸੀ ਆਇਆ ਕਿ ਭਾਅ ਜੀ ਤੇ ਰਕੇਸ਼ ਨੇ ਕਤਲ ਨੂੰ ਦਿਲ ਦੇ ਦੌਰੇ 'ਚ ਕਿਵੇਂ ਬਦਲ ਦਿੱਤਾ ਸੀ। "ਪੁਲਿਸ ਨੂੰ ਰਿਸ਼ਵਤ ਦਿੱਤੀ ਹੋਣੀ ਐ... ਪਰ ਇਹ ਲੇਡੀ ਇੰਸਪੈਕਟਰ ਤਾਂ ਰਿਸ਼ਵਤਖੋਰ ਨ੍ਹੀਂ ਸੀ ਲੱਗਦੀ...," ਤੇ ਉਸ ਨੂੰ ਯਾਦ ਆਇਆ ਕਿ ਕਿਵੇਂ ਉਹ ਇੰਸਪੈਕਟਰ ਸ਼ੱਕ ਦੀ ਨਜ਼ਰ ਨਾਲ ਪੁੱਛਗਿੱਛ ਕਰ ਰਹੀ ਸੀ।

ਲੇਡੀ ਇੰਸਪੈਕਟਰ ਨੂੰ ਪਤਾ ਨਹੀਂ ਕਿਵੇਂ ਸ਼ੱਕ ਹੋਇਆ ਸੀ ਕਿ ਊਸ਼ਾ ਨੇ ਉਸ ਤੋਂ ਕੁਝ ਗੱਲਾਂ ਲੁਕਾਈਆ ਸਨ। ਜਾਣ ਤੋਂ ਪਹਿਲਾਂ ਉਸ ਨੇ ਉਸ ਨੂੰ ਅੱਖਾਂ ਗੱਡ ਕੇ ਘੂਰਦਿਆਂ ਦੁਬਾਰਾ ਫਿਰ ਕਿਹਾ ਸੀ, "ਰਜਨੀ ਨਾਲ ਸੰਬੰਧਿਤ ਹੋਰ ਕੋਈ ਵੀ ਗੱਲ ਧਿਆਨ ’ਚ ਆਵੇ ਤਾਂ ਮੈਨੂੰ ਫੋਨ ਕਰਨਾ-ਬਿਨਾ ਕਿਸੇ ਦੇ ਡਰ ਤੋਂ।"

ਊਸ਼ਾ ਨੇ ਰਜਨੀ ਦੇ ਗਲੇ ਤੇ ਗਹਿਰਾ ਨਿਸ਼ਾਨ ਵੀ ਵੇਖਿਆ ਸੀ। "ਇਹ ਤਾਂ ਦੌਰਾ ਪੈਣ ਕਰਕੇ ਹੋ ਗਿਆ ਹੋਣੈ!" ਜਦੋਂ ਉਸ ਨੇ ਰਕੇਸ਼ ਕੋਲ ਮਨ ’ਚ ਚੱਲ ਰਿਹਾ ਸਵਾਲ ਰੱਖਿਆ ਸੀ ਤਾਂ ਉਸ ਨੇ ਜਵਾਬ ਦਿੱਤਾ ਸੀ,"... ਤੂੰ ਪੁਲਿਸ ਵਾਲਿਆਂ ਕੋਲ ਜ਼ਿਆਦਾ ਦਿਮਾਗ਼ ਨ੍ਹੀਂ ਮਾਰਨਾ! ...ਵੈਸੇ ਵੀ ਤੂੰ ਤਾਂ ਓਦੋਂ ਘਰ ਹੀ ਹੈ ਨਹੀਂ ਸੀ!"

ਊਸ਼ਾ ਓਸ ਦਿਨ ਰਕੇਸ਼ ਦੇ ਕਹਿਣ ਤੇ ਜਾਣ-ਬੁੱਝ ਕੇ ਮਾਂ-ਬਾਪ ਦੇ ਘਰ ਚਲੀ ਗਈ ਸੀ, ਤਾਂ ਜੋ ਭੈਣ-ਭਰਾ ਰਜਨੀ ਦੇ ਮਸਲੇ ਤੇ ਖੁੱਲ੍ਹ ਕੇ ਗੱਲ ਕਰ ਸਕਣ।

ਪਰ ਉਸ ਨੂੰ ਸੁਨੇਹਾ ਮਿਲਿਆ ਸੀ ਕਿ ਪਿੱਛੋਂ ਰਜਨੀ ਨੂੰ ਦੌਰਾ ਪੈਣ ਨਾਲ ਮੌਤ ਹੋ ਗਈ ਸੀ।

ਭਾਅ ਜੀ ਤੇ ਰਕੇਸ਼ ਨੇ ਉਸਨੂੰ ਰਜਨੀ ਦੀ ਚੱਲ ਰਹੀ ਸਮੱਸਿਆ ਬਾਰੇ ਵੀ ਕਿਸੇ ਕੋਲ ਭਾਫ਼ ਕੱਢਣ ਤੋਂ ਵੀ ਮਨ੍ਹਾ ਕਰ ਦਿੱਤਾ ਸੀ, "ਰਜਨੀ ਤਾਂ ਹੁਣ ਚਲੀ ਗਈ! ਰੌਲਾ ਪਾ ਕੇ ਆਪਣੀ ਬਦਨਾਮੀ ਕਰਵਾਉਣ ਦਾ ਕੀ ਫਾਇਦਾ!"

26/ਪਾਕਿਸਤਾਨੀ