ਸਮੱਗਰੀ 'ਤੇ ਜਾਓ

ਪੰਨਾ:ਪਾਕਿਸਤਾਨੀ.pdf/36

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸਿਪਾਹੀ

ਜਿਉਂ ਹੀ 'ਸ਼ਾਨ-ਏ-ਪੰਜਾਬ' ਪਹੁੰਚੀ, ਪਲੇਟਫਾਰਮ 'ਤੇ ਹਫ਼ੜਾ-ਦਫ਼ੜੀ ਮੱਚ ਗਈ। ਲੋਕ ਰੇਲ ਡੱਬਿਆਂ ਵੱਲ ਉੱਲਰ ਪਏ।

ਮੈਂ ਵੀ, ਕਿਵੇਂ ਨਾ ਕਿਵੇਂ, ਧੱਕੇ ਦਿੰਦਾ, ਜ਼ੋਰ ਲਾਉਂਦਾ, ਅੰਦਰ ਵੜਨ ਵਿੱਚ ਸਫਲ ਹੋ ਗਿਆ।

ਪਰ, ਸੀਟ ਕੀ, ਖੜ੍ਹਨ ਨੂੰ ਥਾਂ ਮਿਲਣੀ ਔਖੀ ਹੋ ਗਈ!

ਇੱਕ ਮੋਟੇ ਆਦਮੀ ਕੋਲ ਭੋਰਾ ਕੁ ਥਾਂ ਵੇਖ ਕੇ ਜਿਉਂ ਹੀ ਮੈਂ ਉਸ ਸੀਟ ਵੱਲ ਵਧਿਆ, ਉਹ ਆਦਮੀ ਮੈਨੂੰ ਪੁੱਠਾ ਪੈ ਗਿਆ।

ਮੈਂ ਕੁਝ ਨਾ ਬੋਲਿਆ। ਇੰਨੀ ਗਰਮੀ ਤੇ ਭੀੜ ਵਿੱਚ ਲੜਨ ਦਾ ਵੀ ਕੋਈ ਮਨ ਨਹੀਂ ਸੀ।

ਤਦੇ ਹੀ ਇੱਕ ਹਲਕੀ ਜਿਹੀ ਆਵਾਜ਼ ਮੇਰੇ ਕੰਨਾਂ ਵਿੱਚ ਪਈ "ਉੱਪਰ ਆ ਜਾਓ, ਭਾਅ ਜੀ।"

ਮੈਂ ਉੱਪਰ ਵੱਲ ਵੇਖਿਆ। ਸਮਾਨ ਰੱਖਣ ਵਾਲੀ ਥਾਂ ਤੇ ਇੱਕ ਬਾਈ-ਤੇਈ ਵਰ੍ਹਿਆਂ ਦਾ ਮੁੰਡਾ ਆਪਣੇ ਵੱਡੇ-ਵੱਡੇ ਬੈਗਾਂ ਕੋਲ ਬੈਠਾ ਸੀ।

ਉਸਨੇ ਸਾਮਾਨ ਨੂੰ ਇਧਰ-ਉਧਰ ਕਰਕੇ ਥੋੜ੍ਹੀ ਜਿਹੀ ਜਗ੍ਹਾ ਬਣਾਈ, ਤੇ ਆਪਣੀ ਬਾਂਹ ਦਾ ਸਹਾਰਾ ਦੇ ਕੇ ਮੈਨੂੰ ਉੱਪਰ ਚੜ੍ਹਾ ਲਿਆ।

ਮੈਂ ਉਸਦੇ ਚੰਗੇ ਸੁਭਾਅ ਬਾਰੇ ਹਾਲੀਂ ਸੋਚ ਹੀ ਰਿਹਾ ਸੀ ਕਿ ਉਸ ਦੇ ਪ੍ਰਸ਼ਨ ਨੇ ਮੈਨੂੰ ਹਲੂਣਿਆ, "ਕਿੱਥੇ ਜਾਣ ਡਹੇ ਜੇ?"

"ਮੈਂ......?" ਮੈਨੂੰ ਜਵਾਬ ਥੋੜ੍ਹੀ ਦੇਰ ਨਾਲ ਸੁੱਝਿਆ, "ਲੁਧਿਆਣੇ।"

"ਰਹਿੰਦੇ ਕਿੱਥੇ ਜੇ-ਲੁਧਿਆਣੇ ਕਿ ਅੰਮ੍ਰਿਤਸਰ?"

ਮੈਨੂੰ ਲੱਗਿਆ, ਉਹ ਮੇਰੇ ਨਾਲ ਕਾਫੀ ਗੱਲਾਂ ਕਰਨਾ ਚਾਹੁੰਦਾ ਸੀ। ਮੈਂ ਆਪਣੇ ਆਪ ਨੂੰ ਗੱਲਾਂ ਲਈ ਤਿਆਰ ਕਰਦੇ ਹੋਏ ਉਹਦਾ ਉੱਤਰ ਦਿੱਤਾ, "ਰਹਿੰਦਾ ਤਾਂ ਮੈਂ ਲੁਧਿਆਣੇ ਆਂ, ਪਰ ਇੱਥੇ ਖਾਲਸਾ ਕਾਲਜ 'ਚ ਪੜ੍ਹਦਾ ਵਾਂ। ਹੁਣ ਛੁੱਟੀਆਂ ਕਰਕੇ ਘਰ ਚੱਲਾ ਵਾਂ।"

"ਕਾਲਜ 'ਚ ਤਾਂ, ਫੇਰ, ਤੁਸੀਂ ਹੋਸਟਲ 'ਚ ਰਹਿੰਦੇ ਹੋਵੋਗੇ?"

"ਹਾਂ।"

"ਤੁਹਾਡਾ ਇੱਥੇ ਦਿਲ ਲੱਗਾ ਕਿ ਨਹੀਂ?"

ਇਸ ਸਵਾਲ ਨਾਲ ਉਸਨੇ ਮੇਰੀ ਦੁਖਦੀ ਰਗ ਤੇ ਹੱਥ ਧਰ ਦਿੱਤਾ ਸੀ। ਮੈਂ ਜਜ਼ਬਾਤੀ ਹੋ ਗਿਆ, "ਕਿੱਥੋਂ ਯਾਰ! ਘਰ ਤੋਂ ਦੂਰ ਕਿੱਥੇ ਲੱਗਦਾ ਆ ਦਿਲ!"

28/ਪਾਕਿਸਤਾਨੀ