ਸਮੱਗਰੀ 'ਤੇ ਜਾਓ

ਪੰਨਾ:ਪਾਕਿਸਤਾਨੀ.pdf/38

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਪਰ ਆਪਣੇ ਬਾਰੇ ਦੱਸਣ ਲਈ ਜਿਵੇਂ ਉਹ ਪਹਿਲਾਂ ਹੀ ਮੌਕਾ ਭਾਲ ਰਿਹਾ ਸੀ। ਮੇਰੇ ਪ੍ਰਸ਼ਨ ਤੋਂ ਬਾਅਦ ਉਹ ਪਸ਼ਮ ਦੇ ਗੋਲੇ ਵਾਂਗ ਉੱਧੜਨਾ ਸ਼ੁਰੂ ਹੋ ਗਿਆ।

ਉਹਨੇ ਦੱਸਿਆ ਕਿ ਫ਼ੌਜ ਵਿੱਚ ਨੌਕਰੀ ਮਿਲਣ ਤੇ ਉਹ ਕਿੰਨਾ ਖੁਸ਼ ਹੋਇਆ ਸੀ। ਉਹਦੇ ਮਾਂ-ਬਾਪ ਵੀ ਕਿੰਨੇ ਹੀ ਖੁਸ਼ ਸਨ। ਪਰ ਹੁਣ ਉਸਦੇ ਵਾਪਿਸ ਜਾਣ ਤੇ ਸਾਰੇ ਰੋ ਰਹੇ ਸਨ।

ਉਸਨੇ ਆਪਣੇ ਬਾਰੇ ਹੋਰ ਵੀ ਕਾਫੀ ਕੁਝ ਦੱਸਿਆ।

ਪਰ ਉਸਦੀਆਂ ਗੱਲਾਂ ਵਿੱਚ ਮੇਰੀ ਦਿਲਚਸਪੀ ਘਟਦੀ ਜਾ ਰਹੀ ਸੀ ਤੇ ਮੈਂ "ਹੂੰ-ਹਾਂ" ਕਰਕੇ ਉਸਨੂੰ ਟਾਲ ਰਿਹਾ ਸੀ।

ਮੈਨੂੰ ਇੱਕ ਗੱਲ ਉਸ ਬਾਰੇ ਸਮਝ ਨਹੀਂ ਸੀ ਆ ਰਹੀ-ਹੁਣ ਉਸਨੂੰ ਫ਼ੌਜ ਵਿੱਚ ਵਾਪਿਸ ਜਾਣ ਦੀ ਕੀ ਲੋੜ ਸੀ। ਵੱਧ ਤੋਂ ਵੱਧ, ਉਸਦੀ ਨੌਕਰੀ ਛੁੱਟ ਜਾਣੀ ਸੀ। ਪਰ ਜੰਗ ਵਿੱਚ ਜਾਨ ਗਵਾਉਣ ਨਾਲੋਂ ਤਾਂ ਨੌਕਰੀ ਛੱਡ ਦੇਣਾ ਚੰਗਾ ਸੀ। ਕਿਸੇ ਫੌਜੀ ਦੇ ਭਗੌੜੇਪਨ ਬਾਰੇ ਮੈਨੂੰ ਉਹਨਾਂ ਦਿਨਾਂ ਵਿੱਚ ਬਹੁਤਾ ਪਤਾ ਨਹੀਂ ਸੀ ਹੁੰਦਾ।

ਇਸੇ ਤਰ੍ਹਾਂ ਸੋਚਦਿਆਂ-ਕਰਦਿਆਂ ਜਲੰਧਰ ਦਾ ਸਟੇਸ਼ਨ ਆ ਗਿਆ। ਪਲੇਟਫਾਰਮ ਤੋਂ ਉਹ ਦੋ ਕੱਪ ਚਾਹ ਲੈ ਆਇਆ।

ਉਸਦੀ ਅਪਣੱਤ ਵੇਖ ਕੇ ਮੈਨੂੰ ਲੱਗਿਆ ਕਿ ਮੈਨੂੰ ਉਸਦੀਆਂ ਗੱਲਾਂ ਧਿਆਨ ਨਾਲ ਸੁਣਨੀਆਂ ਚਾਹੀਦੀਆਂ ਸਨ।

ਗੱਡੀ ਚਲਦਿਆਂ ਹੀ ਮੈਂ ਪਹਿਲ ਕੀਤੀ, "ਭਾਅ ਜੀ, ਤੁਹਾਡਾ ਵਿਆਹ ਹੋ ਗਿਐ?"

ਵਿਆਹ ਦੀ ਗੱਲ ਸੁਣ ਕੇ ਉਹਦੇ ਚਿਹਰੇ ਤੇ ਸ਼ਰਮੀਲੀ ਮੁਸਕਰਾਹਟ ਫੈਲ ਗਈ।

ਉਸਨੇ ਡੂੰਘੀਆਂ ਸੋਚਾਂ ਵਿੱਚ ਉਤਰਦਿਆਂ ਜਵਾਬ ਦਿੱਤਾ, "ਨਹੀਂ।... ਉਂਝ, ਲਾਗਲੇ ਪਿੰਡ ਵਿੱਚ ਹੀ ਹੈ ਇੱਕ! ਵਾਹ-ਵਾ ਪਿਆਰ ਕਰਦੀ ਐ ਮੈਨੂੰ! ਸੋਹਣੀ ਵੀ ਵਾਹ-ਵਾ ਆ! ਮੈਂ ਵੀ ਉਹਨੂੰ ਵਾਹ-ਵਾ ਪਿਆਰ ਕਰਦਾ ਵਾਂ!".........

ਆਪਣੇ ਸੱਚੇ ਪਿਆਰ ਦੇ ਸਬੂਤ ਦੇ ਤੌਰ ਤੇ ਉਸਨੇ ਇਹ ਵੀ ਦੱਸਿਆ ਕਿ ਉਹ ਦੋਵੇਂ ਕਈ ਵਾਰ ਮਿਲੇ ਹਨ, ਪਰ ਕਦੇ ਵੀ ਉਸਨੇ ਉਸ ਨਾਲ ਕੁਝ ‘ਗਲਤ' ਨਹੀਂ ਕੀਤਾ।... ਤੇ ਉਸਨੇ ਕਿੰਨੇ ਹੀ ਉਸ ਨਾਲ ਮੁਲਾਕਾਤਾਂ ਦੇ ਕਿੱਸੇ ਸੁਣਾਏ।

ਉਸਦੀਆਂ ਇਹ ਜਜ਼ਬਾਤੀ ਗੱਲਾਂ ਕਿਸੇ ਫਿਲਮੀ ਕਹਾਣੀ ਵਾਂਗ ਲੱਗਦੀਆਂ ਸਨ। ਸਾਰੇ ਰਸਤੇ ਉਹ ਇਸੇ ਤਰ੍ਹਾਂ ਦੀਆਂ ਗੱਲਾਂ ਕਰਦਾ ਰਿਹਾ। ਕਦੇ ਪਿਛਲੀਆਂ ਗੱਲਾਂ ਕਰਕੇ ਉਦਾਸ ਹੋ ਜਾਂਦਾ, ਤੇ ਕਦੇ ਮਿੱਠੀਆਂ ਯਾਦਾਂ ਫਰੋਲ ਕੇ ਖ਼ੁਸ਼ ਹੋ ਜਾਂਦਾ।

ਪਰ ਮੇਰੇ ਮਨ ਵਿੱਚ ਉਹੋ ਸਵਾਲ ਘੁੰਮੀ ਜਾ ਰਿਹਾ ਸੀ ਕਿ ਆਖਿਰ ਉਹ ਵਾਪਿਸ ਕਿਉਂ ਜਾ ਰਿਹਾ ਸੀ। ਕਿਉਂ ਉਹ ਫਜ਼ੂਲ ਹੀ ਆਪਣੀ ਜਾਨ ਗਵਾਉਣੀ ਚਾਹੁੰਦਾ ਸੀ? ...... ਉਸਨੂੰ ਕੀ ਲੋੜ ਸੀ, ਦਿੱਲੀ ਵਿੱਚ ਆਰਾਮ ਨਾਲ ਬੈਠੇ ਲੋਕਾਂ ਦੇ

30/ਪਾਕਿਸਤਾਨੀ