ਪੰਨਾ:ਪਾਕਿਸਤਾਨੀ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਾ, ਨਜਲੇ-ਜੁਖਾਮ ਨਾਲ ਕੀ ਹੋਇਆ ਪਿਐ! ਤੈਂ ਮਰਨ ਦੀ ਸਲਾਹ ਤਾਂ ਨੀ ਕੀਤੀ ਹੋਈ?" ਘਰਵਾਲੀ ਦੀ ਸਵੇਰ ਦੀ ਖ਼ਾਮੋਸ਼ੀ ਨੂੰ ਚੀਰਦੀ ਹੋਈ ਡਾਂਟ ਭਰੀ ਆਵਾਜ਼ ਤੋਂ ਡਰਦਿਆਂ ਉਸਨੇ ਚੁੱਪ-ਚਾਪ ਚਾਦਰ ਫੜ ਕੇ ਦੁਆਲੇ ਲਪੇਟ ਲਈ।

ਰਸਤੇ ਵਿੱਚ ਲੱਗੇ ਮੀਲ-ਪੱਥਰ ਤੇ ਸ਼ਹਿਰ ਦੇ ਨਾਂ (ਜਿਹੜਾ ਕਿ ਉਸਨੂੰ ਪੜ੍ਹਨਾ ਨਹੀਂ ਸੀ ਆਉਂਦਾ) ਹੇਠਾਂ ‘4’ ਵੇਖ ਕੇ ਉਸਦੇ ਮਨ ਵਿੱਚ ਕਾਹਲ ਪੈਦਾ ਹੋ ਗਈ।

ਪਰ, ਫਿਰ "ਚੱਲ ਛੱਡ, ਏਨੀ ਵੀ ਕੀ ਕਾਹਲੀ ਐ! ਆਰਾਮ ਨਾਲ ਚੱਲਦੇ ਆਂ!" ਦਿਮਾਗ਼ ਵਿੱਚ ਆਉਂਦਿਆਂ ਹੀ ਉਸਨੇ ਕਾਹਲ ਨੂੰ ਪਰ੍ਹਾਂ ਵਗਾਹ ਮਾਰਿਆ।

ਕੁਝ ਅੱਗੇ ਜਾ ਕੇ ਮੋਦੂ ਨੂੰ ਆਪਣੇ ਸਿਰ ਵਿਚਲੇ ਗੰਜ ਵਿੱਚ ਕੁਝ ਟਪਕਿਆ ਮਹਿਸੂਸ ਹੋਇਆ-ਜਿਵੇਂ ਕਿਸੇ ਜਨੌਰ ਨੇ ਬਿੱਠ ਕੀਤੀ ਹੋਵੇ-ਤੇ ਉਸਦੇ ਮੂੰਹੋਂ ਗਾਲ੍ਹ ਨਿਕਲ ਗਈ। ਉਸਨੇ ਉਂਗਲ ਨਾਲ ਉਸ ਥਾਂ (ਜਿੱਥੇ ਬਿੱਠ ਡਿੱਗੀ ਸੀ) ਨੂੰ ਛੂਹ ਕੇ ਵੇਖਿਆ।

ਉਂਗਲ ਹਲਕੀ ਜਿਹੀ ਗਿੱਲੀ ਤਾਂ ਸੀ, ਪਰ ਉਥੇ ਬਿੱਠ ਵਰਗਾ ਕੁਝ ਵੀ ਨਹੀਂ ਸੀ-ਇਹ ਜਾਣ ਕੇ ਮੋਦੂ ਨਿਸ਼ਚਿੰਤ ਹੋ ਗਿਆ। ਪਰ ਤਦੇ ਹੀ ਇੱਕ ਹੋਰ ਤੁਪਕਾ ਉਸਦੀ ਖੱਬੀ ਹਥੇਲੀ ਦੇ ਪੁੱਠੇ ਪਾਸੇ ਤੇ ਡਿੱਗਿਆ।

ਉਸਨੇ ਆਸਮਾਨ ਵੱਲ ਵੇਖਿਆ। ਉਸਦਾ ਅੰਦਾਜ਼ਾ ਸਹੀ ਸੀ। ਆਸਮਾਨ ਤੇ ਸੰਘਣੇ ਕਾਲੇ ਬੱਦਲ ਛਾਏ ਹੋਏ ਸਨ।

ਵੇਖਦਿਆਂ ਹੀ ਮੋਦੂ ਦੇ ਪੈਰ ਤੇਜ਼ ਹੋ ਗਏ। ਵਿਰਲੀਆਂ-ਵਿਰਲੀਆਂ ਮੋਟੀਆਂ ਕਣੀਆਂ ਪੈਣ ਲੱਗੀਆਂ, ਤੇ ਫਿਰ ਤੇਜ਼ ਹੋ ਗਈਆਂ।

ਮੋਦੂ ਨੂੰ ਸਬਜ਼ੀ ਦੀ ਫਿਕਰ ਹੋਣ ਲੱਗੀ। ਕੁਝ ਸਬਜ਼ੀਆਂ ਨੂੰ ਤਾਂ ਕੋਈ ਫਰਕ ਨਹੀਂ ਸੀ ਪੈਣਾ, ਪਰ ਕੁਝ ਸਬਜ਼ੀਆਂ-ਜਿਵੇਂ ਪਿਆਜ਼, ਲਸਣ ਤੇ ਕੁਝ ਹੋਰ-ਤਾਂ ਬਿਲਕੁਲ ਹੀ ਖ਼ਰਾਬ ਹੋ ਜਾਣੀਆਂ ਸਨ।

ਉਸਦਾ ਦਿਲ ਕੀਤਾ ਕਿ ਗੱਡੀ ਨੂੰ ਰਸਤੇ ਵਿੱਚ ਕਿਸੇ ਢਾਬੇ ਜਾਂ ਦੁਕਾਨ ਦੇ ਸ਼ੈੱਡ ਹੇਠਾਂ ਖੜ੍ਹਾ ਕੇ ਮੀਂਹ ਦੇ ਰੁਕਣ ਦੀ ਉਡੀਕ ਕਰੇ।

"ਪਰ, ਕੀ ਫਾਇਦਾ! ਇਹ ਮੀਂਹ ਤਾਂ ਛੇਤੀ ਰੁਕਣ ਵਾਲਾ ਨੀ!"

ਪੁਰਾਣੇ ਤਜਰਬੇਕਾਰ ਜਾਂ (ਉਸਦੇ ਮੁੰਡੇ ਦੇ ਕਹਿਣ ਅਨੁਸਾਰ) ‘ਦੇਸੀ' ਲੋਕਾਂ ਵਾਂਗ ਉਸਨੂੰ ਪੂਰੀ ਪਛਾਣ ਸੀ ਕਿ ਕਿਹੜੇ ਬੱਦਲ ਲੰਮੇਂ ਸਮੇਂ ਤੱਕ ਵਰ੍ਹਦੇ ਹਨ ਤੇ ਕਿਹੜੇ ਸਿਰਫ਼ ਛੜਾਕਾ ਮਾਰ ਕੇ ਲੰਘ ਜਾਂਦੇ ਹਨ।

ਤਦੇ ਹੀ ਇੱਕ ਟਰੱਕ ਉਸਦੇ ਨੇੜਿਓਂ ਤੇਜ਼ੀ ਨਾਲ ਲੰਘਿਆ ਤੇ ਉਹਦੇ ਉੱਤੇ ਛਿੱਟੇ ਪਾ ਗਿਆ।

ਮੋਦੂ ਨੇ ਟਰੱਕ ਵਾਲੇ ਨੂੰ ਕਈ ਗਾਲ੍ਹਾਂ ਕੱਢੀਆਂ।

ਪਰ ਟਰੱਕ ਨੂੰ ਜਿਵੇਂ ਇਸਦੀ ਕੋਈ ਪਰਵਾਹ ਹੀ ਨਹੀਂ ਸੀ। ਭੱਜੇ ਜਾਂਦੇ ਟਰੱਕ ਦਾ ਸਿਰਫ਼ ਕਾਲੀ ਤ੍ਰਿਪਾਲ ਨਾਲ ਢਕਿਆ ਪਿਛਲਾ ਹਿੱਸਾ ਹੀ ਦਿਖਾਈ ਦੇ ਰਿਹਾ ਸੀ।

ਤ੍ਰਿਪਾਲ ਤੋਂ ਹੀ ਉਸਨੂੰ ਯਾਦ ਆਇਆ ਕਿ ਉਸਨੂੰ ਵੀ ਮੀਂਹ ਤੋਂ ਸਬਜ਼ੀ ਨੂੰ

36/ਪਾਕਿਸਤਾਨੀ