ਸਮੱਗਰੀ 'ਤੇ ਜਾਓ

ਪੰਨਾ:ਪਾਕਿਸਤਾਨੀ.pdf/46

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਉਸ ਦੇ ਮੱਥੇ ਤੇ ਹੱਥ ਦਾ ਪੁੱਠਾ ਪਾਸਾ ਰੱਖਦਿਆਂ ਬੋਲੀ, "ਮੈਂ ਮਰ ਜਾਂ! ਕਾਕੇ ਦੇ ਬਾਪੂ, ਤੈਨੂੰ ਤਾਂ ਤਾਪ ਚੜ੍ਹਿਆ ਪਿਐ!... ਤੂੰ ਕਿਹੜਾ ਕਿਸੇ ਦੀ ਮੰਨਦੈ! ਵੀਹ ਵਾਰੀ ਕਿਹੈ, ਬਈ, ਦਵਾਈ ਲੈ ਆ! ਪਰ ਕਿੱਥੇ?"

ਮੋਦੂ ਚੁੱਪ-ਚਾਪ ਠੰਢ ਨਾਲ ਕੰਬਦਾ ਆਪਣੀ ਘਰਵਾਲੀ ਦਾ ਭਾਸ਼ਣ ਸੁਣਦਾ ਰਿਹਾ।

"ਮੈਂ ਚਾਹ ਬਣਾ ਕੇ ਲਿਆਉਨੀ ਆਂ," ਕਹਿੰਦਿਆਂ ਉਸਦੀ ਘਰਵਾਲੀ ਉੱਠ ਕੇ ਨਾਲ ਦੇ ਕਮਰੇ ਵਿੱਚ ਚਲੀ ਗਈ।

"ਤ੍ਰਿਪ-ਤ੍ਰਿਪ ਦੀ ਆਵਾਜ਼ ਸੁਣ ਕੇ ਮੋਦੂ ਨੇ ਕਮਰੇ ਦੀ ਛੱਤ ਦੇ ਇੱਕ ਕੋਨੇ ਵੱਲ ਵੇਖਿਆ। ਛੱਤ ਚੋਅ ਰਹੀ ਸੀ।

ਮੋਦੂ ਉੱਭੜਵਾਹੇ ਉੱਠਿਆ ਜਿਵੇਂ ਕੁੱਝ ਯਾਦ ਆਇਆ ਹੋਵੇ! ਮੰਜੇ ਤੇ ਬੈਠੇ-ਬੈਠੇ ਹੀ ਉਸਨੇ ਟੇਢਾ ਹੋ ਕੇ ਬਾਹਰ ਵੇਖਿਆ।

ਵਰਾਂਢੇ ਦੀ ਛੱਤ ਕਾਫ਼ੀ ਜ਼ਿਆਦਾ ਚੋਅ ਰਹੀ ਸੀ।

ਮੋਦੂ ਦੀ ਘਰਵਾਲੀ ਜਦੋਂ ਚਾਹ ਦਾ ਗਲਾਸ ਫੜੀਂ ਅੰਦਰ ਆਈ ਤਾਂ ਮੋਦੂ ਬਿਸਤਰੇ ਵਿੱਚ ਨਹੀਂ ਸੀ। ਉਸ ਨੇ ਦੂਜੇ ਬਿਸਤਰੇ ਵਿੱਚ ਬੈਠੇ, ਸਕੂਲ ਦਾ ਕੰਮ ਕਰ ਰਹੇ, ਆਪਣੇ ਮੁੰਡੇ ਤੋਂ ਪੁੱਛਿਆ, "ਵੇ, ਤੇਰਾ ਬਾਪੂ ਕਿੱਥੇ ਗਿਐ?"

"ਮੈਨੂੰ ਕੀ ਪਤੈ!" ਮੁੰਡੇ ਨੇ ਲਾਪਰਵਾਹੀ ਨਾਲ ਰੁੱਖਾ ਜਿਹਾ ਜਵਾਬ ਦਿੱਤਾ।

ਮਾਂ ਨੂੰ ਗੁੱਸਾ ਤਾਂ ਆਇਆ, ਪਰ ਮੋਦੂ ਦੇ ਧਿਆਨ ਵਿੱਚ ਉਹ ਮੁੰਡੇ ਨੂੰ ਡਾਂਟਣਾ ਭੁੱਲ ਗਈ।

ਗਲਾਸ ਚੁੱਕੀ ਜਦੋਂ ਉਹ ਵਰਾਂਢੇ ਵਿੱਚ ਆਈ ਤਾਂ ਉਸਨੇ ਵੇਖਿਆ ਕਿ ‘ਥਰ-ਥਰ’ ਕੰਬਦੇ ਸ਼ਰੀਰ ਨਾਲ ਮੋਦੂ ਸਬਜ਼ੀ ਤੇ ਦਿੱਤੀ ਚਾਦਰ ਨੂੰ ‘ਠੀਕ' ਕਰ ਰਿਹਾ ਸੀ।

38/ਪਾਕਿਸਤਾਨੀ