ਪੰਨਾ:ਪਾਕਿਸਤਾਨੀ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਸੀਨੇ ਦੀ ਬਦਬੂ

ਜੱਗੀ ਨੂੰ ਖੁਸ਼ੀ ਦੇ ਨਾਲ-ਨਾਲ ਬੇਯਕੀਨੀ ਵੀ ਸੀ। ਉਸਨੂੰ ਅਕਾਰਨ ਹੀ ਸ਼ੱਕ ਸੀ ਕਿ ਕਿਤੇ ਅਜਿਹਾ ਨਾ ਹੋਵੇ ਕਿ ‘ਬਣਦੇ' ਚਾਲੀ ਰੁਪਏ ਉਸਨੂੰ ਨਾ ਮਿਲਣ। ਕੰਮ ਤੋਂ ਬਾਅਦ ਰੁਪਏ ਹੱਥ ਵਿੱਚ ਫੜ ਕੇ ਉਸ ਨੂੰ ਕੁੱਝ ਤਸੱਲੀ ਹੋਈ।

ਅੱਜ ਫਿਰ ਉਹ ਸਵੇਰ ਦਾ ਚੌਂਕ ਵਿੱਚ ਖੜ੍ਹਾ ਕੰਮ ਨੂੰ ਉਡੀਕ ਰਿਹਾ ਸੀ। ਉਸਨੂੰ ਦਿਹਾੜੀ ਮਿਲਣ ਦੀ ਕੋਈ ਆਸ ਨਹੀਂ ਸੀ ਕਿਉਂਕਿ ਲਗਭਗ ਪਿਛਲੇ ਇੱਕ ਹਫਤੇ ਤੋਂ, ਜਦ ਤੋਂ ਉਸ ਨੇ ਕੰਮ ਸ਼ੁਰੂ ਕੀਤਾ ਸੀ, ਇਸੇ ਤਰ੍ਹਾਂ ਹੁੰਦਾ ਆ ਰਿਹਾ ਸੀ। ਪਰ ਫਿਰ ਵੀ ਉਹ ਖੜ੍ਹਾ ਸੀ, ਬੇਆਸ ਹੋਇਆ! ਕੁਦਰਤੀਂ ਉਸ ਨੂੰ ਅੱਧੀ ਦਿਹਾੜੀ ਲਈ ਕੰਮ ਮਿਲ ਹੀ ਗਿਆ। ਉਸ ਨੇ ਰੁਪਏ ਖੀਸੇ ਵਿੱਚ ਪਾਏ ਤੇ ਤੁਰ ਪਿਆ। 'ਸ਼ਰੀਰ ਤੇ ਪਸੀਨਾ ਤੇ ਖੀਸੇ ਵਿੱਚ ਚਾਲੀ ਰੁਪਏ' ਵੱਲ ਧਿਆਨ ਜਾਣ ਤੇ ਉਸਨੂੰ ਆਪਣਾ ਆਪ ਮਰਦ ਮਹਿਸੂਸ ਹੋਇਆ। ਉਸ ਨੂੰ ਅਪਣੇ ਪਸੀਨੇ ਦੀ ਬਦਬੂ ਚੰਗੀ-ਚੰਗੀ ਲੱਗੀ। ਅਜਿਹੀ ਆਕਰਸ਼ਕ ਬਦਬੂ ਉਸਦੇ ਬਾਪ ਦੇ ਸ਼ਰੀਰ ਵਿੱਚੋਂ ਆਇਆ ਕਰਦੀ ਸੀ। ਜਦੋਂ ਵੀ ਉਹ ਖੇਡ-ਕੁੱਦ ਕੇ ਘਰ ਵੜਦਾ ਸੀ ਤਾਂ ਉਸ ਨੂੰ ਅਪਣੇ ਪਸੀਨੇ ਦੀ ਬਦਬੂ ਬਹੁਤ ਭੈੜੀ ਲੱਗਦੀ ਸੀ। ਉਸ ਦੇ ਬਾਪ ਦੇ ਪਸੀਨੇ ਦੀ ਬਦਬੂ ਤਾਂ ਇਸ ਨਾਲੋਂ ਕਿਤੇ ਵੱਖਰੀ ਸੀ। ਪਰ ਅੱਜ ਪਹਿਲੀ ਵਾਰ ਉਸ ਨੂੰ ਅਪਣੇ ਆਪ ਵਿੱਚੋਂ ਇਹੋ ਜਿਹੀ ਬਦਬੂ ਆ ਰਹੀ ਸੀ। ਤੁਰਦਿਆਂ, ਧਰਤੀ ਤੇ ਉਸਨੂੰ ਅਪਣਾ ਆਪ ਕੁਝ ਅਰਥ ਭਰਪੂਰ ਲੱਗਿਆ-ਬਿਲਕੁਲ ਅਪਣੇ ਬਾਪ ਵਾਂਗ!

ਉਸ ਨੂੰ ਖੁਸ਼ੀ ਸੀ ਕਿ ਅੱਜ ਉਹ ਘਰ ਵਿੱਚ ਬਾਕੀ ਬੱਚਿਆਂ ਵਾਂਗ ਅਣਗੌਲਿਆ ਨਹੀਂ ਰਹੇਗਾ। ਅੱਜ ਉਹ ਅਜ਼ਾਦ ਸੀ-ਨਾ ਤਾਂ ਹੁਣ ਉਸ ਨੂੰ ਬਾਪ ਦੀਆਂ ਨਜ਼ਰਾਂ ਤੋਂ ਬਚਕੇ ਰਹਿਣ ਦੀ ਲੋੜ ਸੀ ਤੇ ਨਾ ਹੀ ਘਰ ਵਿੱਚ ਕਿਸੇ ਨੂੰ ਹੁਕਮ ਲਾਉਣੋਂ ਡਰ ਲੱਗਣਾ ਸੀ। ਅੱਜ ਤਾਂ ਸਗੋਂ ਸਾਰਿਆਂ ਨੇ ਉਸ ਦੀ ਮਰਜ਼ੀ ਵਿੱਚ ਉਸ ਦਾ ਸਾਥ ਦੇਣਾ ਸੀ। ਹਰੇਕ ਲਈ ਕੁਝ ਨਾ ਕੁਝ ਖਰੀਦਣ ਦੇ ਇਰਾਦੇ ਨਾਲ ਉਹ ਬਜ਼ਾਰ ਵੱਲ ਮੁੜ ਪਿਆ। ਅਪਣੇ ਦਿਮਾਗ ਵਿੱਚ ਹੀ ਉਹ ਚੀਜ਼ਾਂ ਦੇ ਹਿਸਾਬ ਨਾਲ ਚਾਲੀ ਰੁਪਏ ਵੰਡੀ ਜਾ ਰਿਹਾ ਸੀ। ਇਕ ਸੇਲ ਵਿੱਚ ਖੜ੍ਹ ਕੇ ਉਹ ਕੱਪੜੇ ਵੇਖਣ ਲੱਗ ਪਿਆ। "ਹਾਂ ਜੀ, ਦੱਸੋ," ਦੁਕਾਨਦਾਰ ਉਸਦੇ ਨਾਲ ਆਦਰ ਭਰੇ ਅੰਦਾਜ਼ ਵਿੱਚ ਬੋਲਿਆ। "ਕਿੰਨੇ-ਕਿੰਨੇ ਦੀ ਲਾਈ ਐ," ਜੱਗੀ ਇੱਕ ਟੀ-ਸ਼ਰਟ ਵੇਖ ਰਿਹਾ ਸੀ।

"ਸੱਤਰ ਰੁਪਏ ਦੀ"

"ਸੱਤਰ ਰੁਪਏ ਦੀ........?"

39/ਪਾਕਿਸਤਾਨੀ