ਪੰਨਾ:ਪਾਕਿਸਤਾਨੀ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਤੁਸੀਂ ਦੱਸ ਦਿਉ ਫਿਰ!"

"ਮੈਂ ਕੀ ਦੱਸਾਂ, ਯਾਰ!..... ਤੂੰ ਮਹਿੰਗੀ ਹੀ ਬੜੀ ਲਾਉਨੈਂ!" ਦਬਦੀ ਅਵਾਜ਼ ਵਿੱਚ ਬੋਲਦਿਆਂ ਉਹ ਟੀ-ਸ਼ਰਟ ਦਾ ਕੱਪੜਾ ਵੇਖਣ ਲੱਗ ਪਿਆ, ਭਾਵੇਂ ਉਸ ਨੂੰ ਕੱਪੜੇ ਬਾਰੇ ਭੋਰਾ ਵੀ ਜਾਂਚ ਨਹੀਂ ਸੀ। ਉਹ ਕੱਪੜੇ ਤੇ ਹੱਥ ਫੇਰਦਾ ਰਿਹਾ ਤੇ ਸੋਚਦਾ ਰਿਹਾ।

ਦੁਕਾਨਦਾਰ ਹੋਰ ਗ੍ਰਾਹਕਾਂ ਨੂੰ ਨਿਪਟਾਉਣ ਲੱਗ ਪਿਆ।

ਬਾਕੀ ਗ੍ਰਾਹਕਾਂ ਨਾਲ ਦੁਕਾਨਦਾਰ ਦਾ ਆਦਰ ਭਰਿਆ ਨਜ਼ਰੀਆ ਅਤੇ ਖ਼ੁਦ ਨੂੰ ਅਣਗੌਲਿਆਂ ਵੇਖ ਜੱਗੀ ਨੂੰ ਬੇਇੱਜ਼ਤੀ ਮਹਿਸੂਸ ਹੋਈ। ਜਦੋਂ ਉਹ ਉਥੋਂ ਤੁਰਿਆ ਤਾਂ ਦੁਕਾਨਦਾਰ ਨੇ ਪਿੱਛੋਂ ਅਵਾਜ਼ ਦਿੱਤੀ ਕੀ "ਗੱਲ?"

"ਓ ਬੱਸ ਯਾਰ .... ਤੇਰਾ ਰੇਟ ਈ ਨੀ ਸਹੀ!" ਜੱਗੀ ਨੇ ਬਿਨਾਂ ਮੁੜਿਆਂ ਜਵਾਬ ਦਿੱਤਾ ਤੇ ਫਿਰ ਕਾਹਲ ਨਾਲ ਤੁਰ ਪਿਆ। ਪਿੱਛੋਂ ਦੁਕਾਨਦਾਰ ਕੁਝ ਬੁੜਬੁੜਾਇਆ, ਜਿਸ ਦੀ ਜੱਗੀ ਨੂੰ ਸਮਝ ਤਾਂ ਨਹੀਂ ਪਈ, ਪਰ ਉਹ ਬੇਇੱਜ਼ਤੀ ਮਹਿਸੂਸ ਕਰਕੇ ਅਪਣੇ ਆਪ ਵਿੱਚ ਹੀ ਘੁਟ ਗਿਆ।

ਛੇਤੀ ਹੀ ਉਸ ਦੇ ਅੰਦਰੋਂ ਇੱਕ ਅਣਜਾਣ ਖ਼ੁਸ਼ੀ ਦਾ ਫੁਹਾਰਾ ਫੁੱਟਿਆ, ਜਿਸਨੇ ਉਸਨੂੰ ਫਿਰ ਖੋਲ੍ਹ ਦਿੱਤਾ। ਫਿਰ ਉਸ ਨੇ ਇਰਾਦਾ ਕੀਤਾ ਕਿ ਬਿਨਾ ਕੋਈ ਚੀਜ਼ ਖਰੀਦਿਆਂ ਚਾਲੀ ਦੇ ਚਾਲੀ ਰੁਪਏ ਉਹ ਬੇਬੇ ਦੇ ਹੱਥ ਉੱਤੇ ਧਰ ਦੇਵੇਗਾ।

ਤੁਰੇ ਜਾਂਦਿਆਂ ਉਹ ਸੋਚ ਰਿਹਾ ਸੀ ਕਿ ਅੱਜ ਤਾਂ ਬੇਬੇ ਵੀ ਉਸ ਨੂੰ ਪੁੱਤ-ਪੁੱਤ ਕਰਦੀ ਨਹੀਂ ਥੱਕੇਗੀ। ਜਦੋਂ ਉਹ ਛੋਟੀਆਂ ਭੈਣਾ ਕੋਲੋਂ ਪਾਣੀ ਦਾ ਗਲਾਸ ਮੰਗੇਗਾ, ਜੇਕਰ ਉਹਨਾਂ ਨੇ ਨਾਂਹ-ਨੁੱਕਰ ਕੀਤੀ ਤਾਂ ਬੇਬੇ ਉਹਨਾਂ ਨੂੰ ਡਾਂਟੇਗੀ, "ਨੀ, ਥੋਨੂੰ ਸ਼ਰਮ ਨਹੀਂ ਆਉਂਦੀ! ਵੀਰ ਥੋਡਾ ਥੱਕ ਹਾਰ ਕੇ ਆਇਐ, ਤੁਸੀਂ ਪਾਣੀ ਦਾ ਗਲਾਸ ਵੀ ਨੀ ਦੇ ਸਕਦੀਆਂ!" ਪਰ ਉਹ ਆਪ "ਚਲ, ਛੱਡ, ਜਬਾਕੜੀਆਂ ਨੇ!" ਕਹਿ ਕੇ ਬੇਬੇ ਨੂੰ ਚੁੱਪ ਕਰਵਾ ਦੇਵੇਗਾ। ਫਿਰ ਉਸ ਲਈ ਖ਼ਾਸ ਬਿਸਤਰਾ ਵਿਛਾਇਆ ਜਾਵੇਗਾ ਤੇ ਉਸ ਨੂੰ ਪੀਣ ਲਈ ਦੁੱਧ ਵੀ ਥੋੜ੍ਹਾ ਵੱਧ ਮਿਲੇਗਾ। ਪਰ ਉਹ ਅੱਧਾ ਪੀ ਕੇ ਬਾਕੀ ਛੋਟੇ ਭਰਾ ਨੂੰ ਫੜਾ ਦੇਵੇਗਾ। ਬੇਬੇ ਉਸ ਨੂੰ ਟੋਕੇਗੀ, "ਇਹ ਤਾਂ ਸਾਰਾ ਦਿਨ ਖਾਂਦਾ ਪੀਂਦਾ ਨਹੀਂ ਥੱਕਦਾ, ਇਹਨੂੰ ਕਾਹਨੂੰ ਫੜਾ ਤਾ ਦੁੱਧ!"

"ਓ ਚੱਲ, ਕੋਈ ਨੀ, ਬੇਬੇ! ਜੇ ਖਾਊ-ਪੀਊ, ਤਾਂ ਹੀ ਤਕੜਾ ਹੋਊ।"

ਤੇ ਫਿਰ ਜੇ ਛੋਟਿਆਂ ਵਿੱਚੋਂ ਕਿਸੇ ਨੇ ਸ਼ਰਾਰਤ ਕੀਤੀ ਤਾਂ ਬੇਬੇ ਉਸ ਕੋਲ ਉਹਨਾਂ ਦੀ ਸ਼ਿਕਾਇਤ ਕਰੇਗੀ ਅਤੇ ਉਸ ਦੀ ਇੱਕ ਝਿੜਕ ਨਾਲ ਉਹ ਟਿਕ ਕੇ ਬੈਠ ਜਾਣਗੇ।

ਗਲੀ ਦੇ ਸਿਰੇ ਤੋਂ ਹੀ ਅਪਣੇ ਘਰ ਦਾ ਗੇਟ ਦਿਸਦਿਆਂ ਜੱਗੀ ਦੇ ਕਦਮ ਕਾਹਲੇ ਹੋ ਗਏ। ਤੁਰੇ ਜਾਂਦਿਆਂ ਉਸ ਨੇ ਆਪਣਾ ਹੱਥ ਖੀਸੇ ਵਿੱਚ ਪਾਇਆ, ਪਰ

40/ਪਾਕਿਸਤਾਨੀ