ਪੰਨਾ:ਪਾਕਿਸਤਾਨੀ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੁਰ੍ਹਲੇ ਵਾਲੀ ਪੱਗ

ਦੇਹਲੀ ਅੰਦਰ ਪੈਰ ਧਰਨ ਲੱਗਿਆ ਜਨਕ ਰਾਜ ਨੂੰ ਆਪਣਾ ਪੈਰ ਕਿਸੇ ਭਾਰੀ ਪੱਥਰ ਨਾਲ ਬੰਨ੍ਹਿਆ ਮਹਿਸੂਸ ਹੋਇਆ। ਕਦੇ ਉਹ ਇਹਨਾਂ ਦੇਹਲੀਆਂ ਨੂੰ ਅਚੇਤ ਹੀ ਟੱਪ ਜਾਇਆ ਕਰਦਾ ਸੀ।

ਸਾਹਮਣੇ ਵਿਹੜੇ ਵਿੱਚ ਮੰਜੇ ਤੇ ਪਿਆ ਕੋਈ ਸੂਰਜ ਦੀ ਨਿੱਘੀ ਧੁੱਪ ਮਾਣ ਰਿਹਾ ਸੀ। ਸਿੱਧੀ ਧੁੱਪ ਤੋਂ ਬਚਾਉਣ ਲਈ ਚਿਹਰੇ ਤੇ ਪਤਲਾ ਜਿਹਾ ਕੱਪੜਾ ਲਿਆ ਹੋਇਆ ਸੀ।

"ਸ਼ਾਇਦ ਬੀ-ਜੀ ਹੀ ਹੋਵੇ!"

ਜਨਕ ਰਾਜ ਪਾਸੇ ਪਈ ਕੁਰਸੀ ਨੂੰ ਮੰਜੇ ਕੋਲ ਖਿਸਕਾ ਉਸ ਤੇ ਬੈਠ ਗਿਆ। ਉਸ ਨੇ ਆਪਣੇ ਅੰਦਰ ਪੱਕੀਆਂ ਕੀਤੀਆਂ ਗੱਲਾਂ ਨੂੰ ਫਿਰ ਦੁਹਰਾਇਆ।

ਹਾਲ੍ਹੀਂ ਉਹ ਸੋਚ ਹੀ ਰਿਹਾ ਸੀ ਕਿ ਗੱਲ ਕਿਵੇਂ ਸ਼ੁਰੂ ਕਰੇ ਕਿ ਕੱਪੜੇ ਪਿੱਛੇ ਬੰਦ ਅੱਖਾਂ ਖੁੱਲ੍ਹ ਕੇ ਝਪਕੀਆਂ। ਅਚਾਨਕ ਚਿਹਰੇ ਤੋਂ ਕੱਪੜਾ ਲਾਹ ਕੇ ਬੀ-ਜੀ ਨੇ ਪਛਾਨਣ ਦਾ ਯਤਨ ਕੀਤਾ, ਤੇ ਫਿਰ ਉਹ ਇਕ ਦਮ ਬੈਠੀ ਹੋ ਗਈ।

ਜਨਕੇ ਨੂੰ ਮਨ ਵਿੱਚ ਰੱਟੀਆਂ ਸਾਰੀਆਂ ਗੱਲਾਂ ਭੁੱਲ ਗਈਆਂ, ਤੇ ਅਚਾਨਕ ਉਸ ਅੰਦਰ ਅਜਿਹਾ ਵੇਗ ਉੱਠਿਆ ਕਿ ਉਹ ਬੀ-ਜੀ ਦੇ ਪੈਰਾਂ ਤੇ ਡਿੱਗ ਪਿਆ। ਬੀ-ਜੀ ਨੇ ਵੀ ਗੋਦ ਵਿੱਚ ਲੈਣ ਵਾਂਗ ਉਸ ਦੁਆਲੇ ਬਾਹਾਂ ਵਲ ਲਈਆਂ। ਜਨਕੇ ਅੰਦਰ ਲੱਗਿਆ ਬੰਨ੍ਹ ਟੁੱਟ ਗਿਆ, ਤੇ ਉਸ ਦਾ ਰੋਣਾ ਵਧਦਾ-ਵਧਦਾ ਹਉਕੇ ਭਰੀਆਂ ਕੂਕਾਂ ਵਿੱਚ ਬਦਲ ਗਿਆ।

ਬੀ-ਜੀ ਦੀਆਂ ਅੱਖਾਂ ਵਿੱਚੋਂ ਵੀ ਜ਼ਾਰੋ-ਜ਼ਾਰ ਅੱਥਰੂ ਨਿਕਲ ਪਏ।

ਜਨਕ ਰਾਜ ਨੇ ਆਪਣੇ ਆਪ ਨੂੰ ਸੰਭਾਲ ਕੇ ਕੁੱਝ ਕਹਿਣ ਦੀ ਕੋਸ਼ਿਸ਼ ਕੀਤੀ, ਪਰ ਉਸ ਤੋਂ ਆਪਣੇ ਅੰਦਰਲਾ ਵਹਾਉ ਥੰਮ੍ਹ ਨਹੀਂ ਸੀ ਹੁੰਦਾ। ਉਹ ਜਦੋਂ ਵੀ ਬੋਲਣ ਦੀ ਕੋਸ਼ਿਸ਼ ਕਰਦਾ, ਉਸ ਦੇ ਅੰਦਰੋਂ ਕੁਕ ਨਿਕਲ ਜਾਂਦੀ।

ਜਦੋਂ ਉਹ ਕੁੱਝ ਸੰਭਲਿਆਂ ਤਾਂ ਉਹ ਬੀ-ਜੀ ਦੇ ਪੈਰਾਂ 'ਚੋਂ ਉੱਠ ਕੇ ਕੁਰਸੀ ਤੇ ਬੈਠ ਗਿਆ।

ਜਦੋਂ ਮਾਹੌਲ ਕੁਝ ਸੁਖਾਵਾਂ ਹੋਇਆ ਤਾਂ ਜਨਕੇ ਨੇ ਕਾਰਡ ਬੀ-ਜੀ ਅੱਗੇ ਕਰ ਦਿੱਤਾ।

"ਕੀ ਐ ਇਹ?" ਬੀ-ਜੀ ਨੇ ਕਾਰਡ ਵੱਲ ਹੈਰਾਨੀ ਨਾਲ ਵੇਖਦਿਆਂ ਪੁੱਛਿਆ।

"ਕਾਟ ਐ। ਤੇਰੇ ਮ੍ਹੇਸ਼ੀ ਨੇ ਜੰਨ ਚੜ੍ਹਨੈ! ਰੁੱਸਿਆ ਬੈਠੈ! ਕਹਿੰਦਾ ਦਾਦੇ-ਦਾਦੀ ਤੇ ਚਾਚੇ-ਚਾਚੀ ਤੋਂ ਬਗੈਰ ਮੈਂ ਘੋੜੀ ਨ੍ਹੀਂ ਚੜ੍ਹਨਾ!"

42/ਪਾਕਿਸਤਾਨੀ