ਪੰਨਾ:ਪਾਕਿਸਤਾਨੀ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਕਦੋਂ ਐ?"

"ਕੱਲ੍ਹ ਨੂੰ।"

"ਤੂੰ ਸਾਨੂੰ ਅੱਜ ਦੱਸਦੈਂ!"

"ਬੱਸ!! ...." ਜਨਕ ਰਾਜ ਦੀਆਂ ਫਿਰ ਸਿਸਕੀਆਂ ਨਿਕਲ ਗਈਆਂ। ਬੇਬੇ ਨੇ ਉਸ ਨੂੰ ਚੁੱਪ ਕਰਵਾਉਣ ਲਈ ਉਸ ਦਾ ਗੋਡਾ ਫੜ ਕੇ ਹਲੂਣਿਆ, ਜਿਵੇਂ ਕਹਿ ਰਹੀ ਹੋਵੇ, "ਚੁੱਪ ਕਰ! ਕੋਈ ਗੱਲ੍ਹ ਨ੍ਹੀਂ।"

ਕਾਫੀ ਦੇਰ ਦੋਵੇਂ ਉਸੇ ਤਰ੍ਹਾਂ ਬੈਠੇ ਰਹੇ। ਕਿਸੇ ਕੋਲੋਂ ਕੋਈ ਗੱਲ ਨਾ ਹੋ ਸਕੀ। ਆਖਿਰ ਜਨਕ ਰਾਜ ਬੋਲਿਆ, "ਚੰਗਾ! ਆ ਜਿਉ ਜ਼ਰੂਰ! ...," ਤੇ ਉਸ ਨੇ ਨਿਕਲਦੇ ਹਉਕੇ ਬੜੇ ਔਖੇ ਰੋਕੇ।

ਅਚਾਨਕ ਹੀ ਉਹ ਉੱਠਿਆ ਤੇ ਤੇਜ਼-ਤੇਜ਼ ਗੇਟ ਵੱਲ ਤੁਰ ਪਿਆ। ਬੀ-ਜੀ ਨੂੰ ਕੁਝ ਨਾ ਸੁੱਝਿਆ ਕਿ ਉਹ ਕੀ ਆਖੇ।

ਜਨਕ ਰਾਜ ਦੇ ਜਾਣ ਤੋਂ ਬਾਅਦ ਭਾਪਾ ਡੰਗਰਾਂ ਵਾਲੇ ਵਾੜੇ ਵਿੱਚੋਂ ਪਰਨੇ ਦੇ ਲੜ ਨਾਲ ਅੱਖਾਂ ਪੂੰਝਦਾ ਬਾਹਰ ਆਇਆ।

"ਕੀ ਕਹਿੰਦਾ ਤੀ?"

ਬੀ-ਜੀ ਨੇ ਕਾਰਡ ਭਾਪੇ ਅੱਗੇ ਕਰ ਦਿੱਤਾ, "ਤੇਰੇ ਪੋਤੇ ਦਾ ਵਿਆਹ ਐ?"

"ਜਾਵੇਂਗੀ?"

ਬੀ-ਜੀ ਨੇ ਕੋਈ ਜਵਾਬ ਨਾ ਦਿੱਤਾ।

ਭਾਪਾ ਵਗੈਰ ਇਸ ਦੀ ਪਰਵਾਹ ਕਰਦਿਆਂ ਬੋਲਿਆ, "ਊਂ, ਜਾਣ ਨੂੰ ਤਾਂ ਸਹੁਰਾ ਮਨ ਕਿਹੜਾ ਖੜ੍ਹਦੈ! ਪਰ ਲੋਕ-ਲਾਜ ਮਾਰਦੀ ਐ! ਹੁਣ ਜਿਹੜੇ ਬੰਦੇ ਆਪਣੇ ਕਰਕੇ ਇਹਦੇ ਤੋਂ ਟੁੱਟੇ ਨੇ, ਉਹ ਕੀ ਕਹਿਣਗੇ! ਅਖੇ, ਆਪ ‘ਕੱਠੇ ਹੋ-ਗੇ ਤੇ ਸਾਨੂੰ ਬੁਰੇ ਪਵਾ ’ਤਾ! ਫੇਰ, ਨਾਲੇ, ਸੁਰੇਸ਼ ਨੇ ਕਿਹੜਾ ਮੰਨਣੈ!"

ਬੀ-ਜੀ ਬਿਨਾ ਕੁਝ ਬੋਲਿਆਂ ਪਹਿਲਾਂ ਵਾਂਗ ਕੱਪੜਾ ਚਿਹਰੇ ਤੇ ਰੱਖ ਕੇ ਪੈ ਗਈ।

ਭਾਪਾ ਵੀ ਚੁੱਪ-ਚਾਪ ਅੱਖਾਂ ਪੂੰਝਦਿਆਂ ਕਾਰਡ ਫੜੀ ਡੰਗਰਾਂ ਵਾਲੇ ਪਾਸੇ ਤੁਰ ਪਿਆ।

ਸ਼ਾਮੀਂ, ਸੁਰੇਸ਼ ਕੁਮਾਰ, ਉਹਦੀ ਘਰਵਾਲੀ ਤੇ ਬੱਚਿਆਂ ਦੇ ਸ਼ਹਿਰੋਂ ਮੁੜਨ ਪਿੱਛੋਂ ਜਦੋਂ ਸਾਰਾ ਟੱਬਰ ਅੰਗੀਠੀ ਦੁਆਲੇ ਮੰਜਿਆਂ ਤੇ ਇਕੱਠਾ ਹੋਇਆ ਬੈਠਾ ਸੀ ਤਾਂ ਬੀ-ਜੀ ਨੇ ਮੌਕਾ ਜਿਹਾ ਬਚਾ ਕੇ ਗੱਲ ਸ਼ੁਰੂ ਕੀਤੀ।

"ਅੱਜ ਜਨਕਾ ਆਇਆ ਤੀ," ਬੀ-ਜੀ ਨੀਵੀਂ ਪਾਈ ਮੰਜੇ ਦੀ ਦੌਣ ਨੂੰ ਛੇੜਦਿਆਂ ਬੋਲੀ।

"ਫੇਰ, ਕੀ ਕਹਿੰਦਾ ਤੀ?" ਸੁਰੇਸ਼ ਨੇ ਬੀ-ਜੀਵੱਲ ਧਿਆਨ ਲਾ ਕੇ ਉਤਸੁਕਤਾ ਨਾਲ ਪੁੱਛਿਆ।

43/ਪਾਕਿਸਤਾਨੀ