"ਕਹਿੰਦਾ ਤਾਂ ਕੁਸ਼ ਨੀ ਤੀ! ਬੱਸ, ਮ੍ਹੇਸ਼ੀ ਦੇ ਵਿਆਹ ਦਾ ਕਾਟ ਦੇ ਗਿਆ। ਅਖੇ, ਥੋਡ ਬਗੈਰ ਮੁੰਡੇ ਨੇ ਘੋੜੀ ਨ੍ਹੀਂ ਚੜ੍ਹਨਾ!"
"ਨਾਂਹ, ਉਦੋਂ ਤਾਂ ਮੁੰਡੇ ਨੇ ਨਾਂਹ ਨੀ ਕੀਤੀ, ਜਦੋਂ ਇਹਨਾਂ ਨੇ ਵਿਆਹ ਬੰਨ੍ਹਿਆ ਤੀ!... ਉਦੋਂ ਤਾਂ ਮੁੰਡਾ ਵੀ ਛਾਲਾਂ ਮਾਰਦਾ ਤੀ, ਜਦੋਂ ਟੱਬਰ ਨੂੰ ਛੱਡ ਕੇ ਸ਼ਹਿਰ ਜਾ ਵੜਿਆ! ਅਖੇ, ਪਿੰਡ ਦੀ ਹੱਟੀ 'ਚੋਂ ਮੇਰੇ ਟੱਬਰ ਦਾ ਕੀ ਬਣੂੰ!"
"ਅੱਜ-ਕੱਲ੍ਹ ਹੱਟੀਆਂ 'ਚੋਂ ਪੂਰੀਆਂ ਵੀ ਕਿੱਥੋਂ ਪੈਂਦੀਆਂ ਨੇ!... ਹਰੇਕ ਕੋਈ ਤਾਂ ਸ਼ਹਿਰ ਨੂੰ ਭੱਜਦੈ, ਸੌਦੇ ਨੂੰ! ...ਹੁਣ ਤਾਂ ਪਿੰਡਾਂ 'ਚ ਵੀ ਕੰਪਨੀਆਂ ਸ਼ੋਅ-ਰੂਮ ਖੋਲ੍ਹੀ ਜਾਂਦੀਆਂ ਨੇ, ਦੱਸ!"
"ਫੇਰ, ਸਾਨੂੰ ਮਰਨ ਨੂੰ ਛੱਡ ਕੇ ਤੁਰ ਗਿਆ ਸ਼ਹਿਰ! ...ਸ਼ੋਅ-ਰੂਮ ਦੀ ਚਾਕਰੀ ਮਨਜੂਰ ਕਰ-ਲੀ, ਹੱਟੀ ਦੀ ਮਾਲਕੀ ਛੱਡ ਕੇ, ਬਾਹਲੇ ਸਿਆਣੇ ਨੇ!"
"ਊਂ, ਚਾਹੇ ਕੁਸ਼ ਵੀ ਐ, ਉਹਨੂੰ ਪਛਤਾਵਾ ਬਹੁਤ ਹੋਇਆ ਵਿਐ! ਸਹੁਰੇ ਤੋਂ ਗੱਲ ਵੀ ਨੀ ਹੋ ਸਕੀ! ਬੱਸ, ਰੋਈ ਗਿਐ!" ਭਾਪੇ ਨੇ ਵੀ ਦਬੀ ਜੀਭ ਨਾਲ ਵਿਆਹ ਜਾਣ ਦੇ ਹੱਕ ਵਿੱਚ ਰਾਇ ਦੇ ਦਿੱਤੀ।
"ਦੇਖੋ, ਭਾਪਾ! ਗੱਲ ਆਏਂ ਐ, ਬਈ, ਪਿੰਡ ਆਲੇ ਆਪਣੇ ਕਰਕੇ ਉਹਨੂੰ ਬਲੌਣ-ਚਲੌਣੋਂ ਹਟੇ ਨੇ! ਉਹ ਸਾਰੇ ਆਪਣੇ ਤੇ ਥੂਹ-ਥੂਹ ਕਰਨਗੇ! ਉਹਨਾਂ ਦੀ ਕਿਹੜਾ ਉਹਦੇ ਨਾਲ ਦੁਸ਼ਮਣੀ ਤੀ ਕੋਈ! ਆਪਣੇ ਕਰਕੇ ਈ ਹਟੇ ਨੇ ਸਾਰੇ! ਸੁਰੇਸ਼ ਨੇ ਸਮਝਾਉਣ ਵਾਲੇ ਲਹਿਜੇ 'ਚ ਕਿਹਾ।
"ਚੱਲ, ਜੇ ਮੈਂ ਤੇ ਤੇਰਾ ਭਾਪਾ ਜਾ ਆਈਏ, ਤਾਂ ਕੀ ਐ!" ਬੀ-ਜੀ ਅੰਦਰਲੀ ਇੱਛਾ ਬਹੁਤ ਪ੍ਰਬਲ ਸੀ। ਉਸ ਕੋਲ ਸੁਰੇਸ਼ ਦੀ ਦਲੀਲ ਦੇ ਜਵਾਬ ਵਿੱਚ ਕੋਈ ਦਲੀਲ ਨਹੀਂ ਸੀ। ਸਿਰਫ਼ ਮਾਂ ਦੀ ਮਮਤਾ ਹੀ ਸੀ ਅਤੇ ਇਸਦੇ ਅੱਗੇ ਸੁਰੇਸ਼ ਬੇਬਸ ਜਿਹਾ ਜਾਪਿਆ।
"ਮਰਜੀ ਐ ਥੋਡੀ! ਆਪਾਂ ਤਾਂ ਉਸ ਦਾ ਵਰਕਾ ਈ ਪਾੜ ‘ਤਾ! ਜੇ ਤੁਸੀਂ ਜਾਣੈ ਤਾਂ ਜਾ ਆਉ!" ਸੁਰੇਸ਼ ਨਾਰਾਜ਼ਗੀ ਜਿਹੀ ਨਾਲ ਕਹਿ ਕੇ ਮੰਜੇ ਤੋਂ ਉੱਠਿਆ, ਤੇ ਜੁੱਤੀ ਪਾ ਕੇ ਬਾਹਰ ਵੱਲ ਨੂੰ ਤੁਰ ਪਿਆ।
ਉਸ ਦੀ ਘਰਵਾਲੀ ਕੁਝ ਬੁੜਬੁੜਾਉਂਦੀ ਹੋਈ ਰਸੋਈ ਵੱਲ ਤੁਰ ਗਈ।
ਬੀ-ਜੀ ਨੂੰ ਉਹਨਾਂ ਦੇ ਗੁੱਸੇ ਦੀ ਕੋਈ ਪ੍ਰਵਾਹ ਨਹੀਂ ਸੀ।ਉਸ ਲਈ ਸੁਰੇਸ਼ ਦੀ ਨਾਰਾਜ਼ਗੀ ਨਾਲ ਦਿੱਤੀ ਇਜਾਜ਼ਤ ਹੀ ਕਾਫੀ ਸੀ।
ਸਵੇਰੇ, ਜਾਣ ਵੇਲੇ, ਬੀ-ਜੀ ਨੇ ਨਵਾਂ ਸੂਟ ਪਾਇਆ, ਤੇ ਹੱਥ ਵਿੱਚ ਨਵਾਂ ਚਿੱਟਾ ਝੋਲਾ ਫੜ ਲਿਆ।
ਕੁੜਤਾ-ਪਜਾਮਾ ਤਾਂ ਭਾਪੇ ਨੇ ਵੀ ਨਵਾਂ ਪਾਇਆ ਸੀ। ਪੱਗ ਵੀ ਨਵੀਂ ਗੁਲਾਬੀ ਰੰਗ ਦੀ ਬੰਨ੍ਹੀ ਸੀ। ਪਰ ਉਸ ਨੇ ਪੱਗ ਤੇ ਤੁਰ੍ਹਲਾ ਨਹੀਂ ਸੀ ਕੱਢਿਆ ਅਤੇ ਨਾ ਹੀ ਉਸ ਦੀ ਛਾਤੀ ਫੁੱਲੀ ਹੋਈ ਸੀ, ਜਿਵੇਂ ਕਿ ਖ਼ਾਸ ਖ਼ੁਸ਼ੀ ਦੇ ਮੌਕਿਆਂ ਤੇ ਹੁੰਦਾ ਸੀ।
44/ਪਾਕਿਸਤਾਨੀ