ਸਮੱਗਰੀ 'ਤੇ ਜਾਓ

ਪੰਨਾ:ਪਾਕਿਸਤਾਨੀ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਹੈਂ ਜੀ! ...", ਗੱਲ ਇੱਕ ਪਲ ਰੁਕ ਕੇ ਨਛੱਤਰ ਦੇ ਦਿਮਾਗ 'ਚ ਵੜੀ, "... ਹਾਂ ਜੀ, ਹਾਂ! ਕੋਈ ਔਖਿਆਈ ਨੀ, ਥੋਡੀ ਦਿਆ ਨਾਲ!" ਉਸਦੀ ਆਵਾਜ਼ ਆਦਰ ਨਾਲ ਭਿੱਜ ਕੇ ਪੇਤਲੀ ਹੋ ਗਈ। ਉਹ ਖ਼ੁਦ ਆਪਣੀ ਇਸ ਤਬਦੀਲੀ ਤੇ ਹੈਰਾਨ ਸੀ। ਉਸ ਅੰਦਰੋਂ ਬਾਬੂ ਪ੍ਰਤੀ ਸਾਰੀ ਤਲਖੀ ਜਾਂਦੀ ਰਹੀ ਸੀ।

ਬਾਬੂ ਤੇ ਮੁੰਡਾ ਚਲੇ ਗਏ। ਪਰ ਸਾਰਿਆਂ ਸਾਹਮਣੇ ਬਾਬੂ ਦਾ ਉਸਨੂੰ ਹਾਲ-ਚਾਲ ਪੁੱਛਣਾ ਨਛੱਤਰ ਨੂੰ ਹੁਲਾਰਾ ਜਿਹਾ ਦੇ ਗਿਆ, ਤੇ ਉਸਦੇ ਕੁਹਾੜੇ ਦੀ ਗਤੀ ਤੇਜ਼ ਹੋ ਗਈ।

ਨਛੱਤਰ ਦੇ ਹੱਥ-ਪੈਰ ਕਾਹਲੀ-ਕਾਹਲੀ ਚੱਲ ਰਹੇ ਸਨ। ਚਾਹ ਪੀਣ ਲੱਗਿਆਂ ਉਹ ਅੱਜ ਪਹਿਲਾਂ ਵਾਂਗ ਸੁਸਤ ਤੇ ਨੀਰਸ ਜਿਹਾ ਨਹੀਂ ਸੀ ਨਜ਼ਰ ਆਉਂਦਾ। ਬੜਾ ਚੁਸਤ ਤੇ ਤੇਜ਼ ਜਾਪਦਾ ਸੀ। ਇਹ ਦੇਖ ਕੇ ਜੈਲੇ ਤੋਂ ਰਹਿ ਨਾ ਹੋਇਆ ਤੇ ਉਸਨੇ ਪੁੱਛ ਹੀ ਲਿਆ, "ਉਏ, ਕੀ ਗੱਲ, ਨਛੱਤਰਾ! ਐਥੇ ਔਖ ਐ ਤੈਨੂੰ ਕੋਈ? ਬਾਬੂ ਪੁੱਛਦਾ ਤੀ ਤੈਨੂੰ?"

ਨਛੱਤਰ ਨੂੰ ਤਾਂ ਜਿਵੇਂ ਇਸੇ ਦੀ ਉਡੀਕ ਸੀ। "ਓ ਕਾਹਨੂੰ, ਜਾਰ...," ਉਸਨੇ ਮੂੰਹ ਜਿਹਾ ਬਣਾਇਆ, "...ਬਾਬੂ ਆਇਆ ਤੀ ਮੇਰੇ ਕੋਲ, ਕਹਿੰਦਾ ਮੈਨੂੰ ਬੰਦੇ ਦੀ ਲੋੜ ਐ। ਮੈਂ ਸਾਫ ਜੁਆਬ ਦੇ ‘ਤਾ! ਮੈਂ ਕਿਹਾ, ਬਈ, ਦੇਖ! ਤੇਰੀਆਂ ਕਟਾਈਆਂ ਲੱਗਦੀਆਂ ਨੇ ਦੂਰ-ਦੂਰ, ਤੇ ਆਪਾਂ ਨੂੰ, ਤੈਨੂੰ ਪਤੈ, ਘਰੋਂ ਦੂਰ ਰਹਿਣਾ ਔਖੈ।... ਬਾਬੂ ਤਾਂ ਮਿੰਨਤਾਂ ਜਿਹੀਆਂ ਕਰਨ ਲੱਗ ਗਿਆ! ਕਹਿੰਦਾ, ਔਖਾ ਹੋ, ਸੌਖਾ ਹੈ, ਮੇਰਾ ਕੰਮ ਸਾਰ! ਮੇਰਾ ਕੰਮ ਖੜੈ, ਮੈਨੂੰ ਬੰਦੇ ਦੀ ਲੋੜ ਐ, ਤੇ ਬੰਦਾ ਕੋਈ ਮਿਲਦਾ ਨੀ!.. ਮੈਂ ਕਿਹਾ, ਚੱਲ, ਔਖੇ-ਸੌਖੇ ਤੇਰੇ ਨਾਲ ਦੋ-ਤਿੰਨ ਕਟਾਈਆਂ ਲਵਾ ਦਿੰਨੇ ਆਂ।... ਉਹੀ ਪੁੱਛਦਾ ਤੀ ਅੱਜ, ਬਈ, ਕੋਈ ਔਖਿਆਈ ਹੋਵੇ ਤਾਂ ਦੱਸੀਂ!" ਗੱਲ ਖ਼ਤਮ ਕਰਦਿਆਂ ਹੀ ਨਛੱਤਰ ਨੇ ਅੰਦਰੋਂ ਹੌਲਾ-ਫੁੱਲ ਮਹਿਸੂਸ ਕੀਤਾ।

ਸ਼ਾਮ ਨੂੰ ਚਾਹ ਪੀਦਿਆਂ, ਨਛੱਤਰ ਇਸ ਬਾਰੇ ਕਿਸੇ ਦੂਜੇ ਮਜ਼ਦੂਰ ਨੂੰ ਹੱਸਦੇ ਹੋਏ ਦੱਸ ਰਿਹਾ ਸੀ, "ਜੈਲਾ ਤੇ ਬੁੱਧੂ ਕੱਚੇ ਜਿਹੇ ਹੋਗੇ, ਢਹੇ ਹੋਏ ਭਲਵਾਨ ਵਾਂਗ! ਮੂੰਹ ਲਟਕਾਈਂ ਦੋਹੇਂ ਜਣੇ ਸੋਚੀਂ ਜਾਣ, ਬਈ, ਇਹ ਕਿਧਰੋਂ ਨਿਕਲ ਆਇਆ, ਛੁਪਿਆ ਰੁਸਤਮ!!"

48/ਪਾਕਿਸਤਾਨੀ