ਬੁੱਚੜਖਾਨਾ
ਇਕ ਤਾਂ ਇੰਨਾ ਵੱਡਾ ਸ਼ਹਿਰ, ਉੱਪਰੋਂ ਸ਼ਹਿਰ ਦਾ ਸਭ ਤੋਂ ਵੱਡਾ ਹਸਪਤਾਲ!
ਪਰ ਸਾਰਾ ਟੱਬਰ ਮੇਰੇ ਮਗਰ ਪਿਆ ਹੋਇਆ ਸੀ-ਪੇਂਡੂ ਜੋ ਹੋਏ!
ਆਖਿਰ, ਮੇਰੀ ਮਾਂ ਸੀ ਉਹ! ਨਹੀਂ, ਮੈਨੂੰ ਕੀ ਲੋੜ ਸੀ, ਬਿਪਤਾ ਗੱਲ ਪਾਉਣ ਦੀ!
ਕੱਲ ਸ਼ਾਮੀਂ ਪਿੰਡੋਂ ਫੋਨ ਆਇਆ ਕਿ ਬੇਬੇ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ। ਪਿੰਡ ਦੇ ਡਾਕਟਰ ਦੇ ਵੱਸ ਦੀ ਗੱਲ ਨਹੀਂ ਸੀ। ਮੈਂ ਕਹਿ ਦਿੱਤਾ ਕਿ ਮੇਰੇ ਕੋਲ ਸ਼ਹਿਰ ਲੈ ਆਓ, ਕਿਸੇ ਚੰਗੇ ਡਾਕਟਰ ਨੂੰ ਦਿਖਾ ਦਿਆਂਗੇ।
ਡਾਕਟਰ ਨੇ ਦੱਸਿਆ ਕਿ ਹਾਲਤ ਗੰਭੀਰ ਹੈ, ਤੇ ਉਸਨੂੰ ਦਾਖ਼ਲ ਕਰਨਾ ਪਿਆ। ਦਾਖ਼ਲ ਕਾਹਦੀ ਕਰਵਾਈ, ਸਾਰੇ ਟੱਬਰ ਨੇ ਹੀ ਮੂੰਹ ਫੁਲਾ ਲਏ!
ਗੱਲ ਤਾਂ ਕੁਝ ਵੀ ਨਹੀਂ ਸੀ। ਸਿਰਫ਼ ਮਰੀਜ਼ ਨੂੰ ਕਿਸੇ ਨਾਲ ਮਿਲਣ ਨਹੀਂ ਸੀ ਦਿੱਤਾ ਜਾਂਦਾ। ਵੱਡਾ ਭਰਾ ਤੇ ਭਰਜਾਈ, ਜਿਹੜੇ ਪਿੰਡੋਂ ਬੇਬੇ ਨਾਲ ਆਏ ਸਨ, ਐਵੇਂ ਔਖੇ ਹੋ ਗਏ, "ਤੈਨੂੰ ਕਿਹਨੇ ਕਿਹਾ ਸੀ ਦਾਖਲ ਕਰਾਉਣ ਨੂੰ!... ਅਫਸਰ ਹੋਮੇਂਗਾ ਤੂੰ ਆਪਣੇ ਘਰ... ਮਾਂ ਤਾਂ ਉਹ ਸਾਡੀ ਵੀ ਉਂਨੀ ਈ ਐ...!"
ਹੁਣ ਉਹਨਾਂ ਨੂੰ ਮੈਂ ਕਿਵੇਂ ਸਮਝਾਉਂਦਾ ਕਿ ਵੱਡੇ ਹਸਪਤਾਲਾਂ ਵਿੱਚ ਇਲਾਜ ਕਿਵੇਂ ਹੁੰਦੇ ਨੇ!
ਰੋਟੀ-ਪਾਣੀ, ਨਵ੍ਹਾਉਣਾ-ਧਵਾਉਣਾ, ਸਾਰੀ ਦੇਖਭਾਲ ਹਸਪਤਾਲ ਵਾਲਿਆਂ ਨੇ ਆਪ ਕਰਨੀ ਸੀ। ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਸੀ। ਇੱਕ ਕਮਰੇ ਵਿੱਚ ਇੱਕ ਮਰੀਜ਼, ਤੇ ਉਹਦੀ ਦੇਖਭਾਲ ਲਈ ਇੱਕ ਨਰਸ। ਹਰੇਕ ਕਮਰੇ ਵਿੱਚ ਏਅਰਕੰਡੀਸ਼ਨਰ। ਚੰਗੇ ਤੋਂ ਚੰਗਾ ਡਾਕਟਰ ਇਲਾਜ ਕਰ ਰਿਹਾ ਸੀ। ਮਹਿੰਗੀਆਂ ਤੋਂ ਮਹਿੰਗੀਆਂ ਮਸ਼ੀਨਾਂ ਨਾਲ ਟੈਸਟ ਕੀਤੇ ਜਾਂਦੇ ਸਨ। ਵਧੀਆਂ ਤੋਂ ਵਧੀਆਂ ਦਵਾਈ ਦਿੱਤੀ ਜਾਂਦੀ ਸੀ। ਮਰੀਜ਼ ਦੇ ਕਿਸੇ ਵੀ ਰਿਸ਼ਤੇਦਾਰ ਜਾਂ ਸੰਬੰਧੀ ਨੂੰ ਮਰੀਜ਼ ਕੋਲ ਜਾਣ ਦੀ ਆਗਿਆ ਨਹੀਂ ਸੀ।
ਸਭ ਕੁਝ ਬੇਬੇ ਦੀ ਭਲਾਈ ਲਈ ਹੀ ਤਾਂ ਸੀ! ਜੇ ਇਹਨਾਂ ਨੂੰ ਬੇਬੇ ਕੋਲ ਜਾਣ ਦੇ ਦਿੱਤਾ ਜਾਂਦਾ ਤਾਂ ਇਹਨਾਂ ਨੇ ਬੇਵਕੂਫਾਂ ਵਾਂਗ ਉਥੇ ਉੱਚੀ-ਉੱਚੀ ਬੋਲਣਾ ਸੀ! ਐਵੇਂ ਮਰੀਜ਼ਾਂ ਨੂੰ ਤੰਗ ਕਰਨਾ ਸੀ! ਪਛੜੇ ਲੋਕ ਜੋ ਹੋਏ!
ਸ਼ਾਮੀਂ ਮੈਂ ਬਹੁਤ ਕਿਹਾ ਕਿ ਹੁਣ ਤੁਸੀਂ ਪਿੰਡ ਚਲੇ ਜਾਓ, ਬੇਬੇ ਦੀ ਸੰਭਾਲ ਹੁਣ ਹਸਪਤਾਲ ਦੇ ਜ਼ਿੰਮੇ ਹੈ। ਜੇ ਕੋਈ ਲੋੜ ਹੋਈ ਤਾਂ ਮੈਂ ਟੈਲੀਫੋਨ ਕਰਕੇ ਬੁਲਾ ਲਵਾਂਗਾ। ਬਾਕੀ ਮੈਂ ਸਵੇਰੇ-ਸ਼ਾਮ ਗੇੜਾ ਮਾਰਦਾ ਰਹਾਂਗਾ।
49/ਪਾਕਿਸਤਾਨੀ