ਪੰਨਾ:ਪਾਕਿਸਤਾਨੀ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਿਰ ਕਿਸੇ ਚੰਗੀ ਕੰਪਨੀ 'ਚ ਜਾਣ ਦਾ, ਫੇਰ ਆਪਣਾ ਕਾਰੋਬਾਰ, ਤੇ ਫੇਰ....... ਤੇ ਫਿਰ ......," ਮੈਨੂੰ ਚੰਗਾ ਲੱਗਦਾ ਸੀ ਅੱਗੇ ਹੀ ਅੱਗੇ ਵਧਦੇ ਰਹਿਣਾ, ਤੇ ਇੱਕ ਮਿੰਟ ਦੀ ਵੀ ਵਿਹਲ ਨਾ ਹੋਣਾ।....

ਉਸ ਦਿਨ ਮੈਂ ਇਹਨੂੰ ਲੰਘੇ ਜਾਂਦੇ ਨੂੰ ਹੱਥ ਦਿੱਤਾ ਤਾਂ ਇਹਨੇ ਬਿਨਾਂ ਰੁਕੇ ਹੀ ਜਵਾਬ ਦੇ ਦਿੱਤਾ, "ਨਹੀਂ ਜਾਣਾ।"

"ਤੀਹ ਲੈ ਲੀਂ" ਕੋਈ ਹੋਰ ਰਿਕਸ਼ਾ ਨਾ ਮਿਲਣ ਕਰਕੇ ਮੈਂ ਵੱਧ ਪੈਸਿਆਂ ਦਾ ਲਾਲਚ ਦਿੱਤਾ।

ਪਰ ਨਾਂਹ ਵਿੱਚ ਹੱਥ ਮਾਰਦਿਆਂ ਇਹ ਤੇਜ਼ੀ ਨਾਲ ਲੰਘ ਗਿਆ।

ਮੈਨੂੰ ਘਰ ਤੁਰਕੇ ਜਾਣਾ ਪਿਆ।

"ਥੋਡੀ ਜੇਬ ਵਿੱਚ ਪੈਸੇ ਹੋਣ, ਤੇ ਤੁਸੀਂ ਘਰ ਤੱਕ ਰਿਕਸ਼ਾ ਵੀ ਨਾ ਕਰਵਾ ਸਕੋ!!"

ਉਸ ਦਿਨ ਤੋਂ ਇਹ ਮੇਰੀਆਂ ਅੱਖਾਂ ਵਿੱਚ ਰੜਕ ਰਿਹਾ ਸੀ। "ਆਖਿਰ, ਅਜਿਹਾ ਕੀ ਕੰਮ ਸੀ ਇਹਨੂੰ! ਕਿਸੇ ਰਿਸ਼ਤੇਦਾਰ ਦੇ ਜਾਣਾ ਹੋਉਗਾ, ਜਾਂ ਕੋਈ ਹੋਰ ਘਰੇਲੂ ਕੰਮ ਕਰਨਾ ਹੋਊਗਾ, ਤੇ ਜਾਂ ਫਿਰ ਨਮਾਜ਼ ਦਾ ਸਮਾਂ.......?" ਜੋ ਵੀ ਸੀ, ਮੈਨੂੰ ਕਿਸੇ ਛੋਟੇ ਬੰਦੇ ਕੋਲੋਂ ਇਸ ਤਰ੍ਹਾਂ ਦੇ ਜਵਾਬ ਦੀ ਆਦਤ ਨਹੀਂ ਸੀ।

ਅੱਜ ਵੀ ਮੈਨੂੰ ਇਹੋ ਹੀ ਇਕੱਲਾ ਮਿਲਿਆ ਸੀ। ਨਹੀਂ ਤਾਂ, ਮੈਂ ਇਹਦੇ ਨਾਲੋਂ ਦੂਜੇ ਰਿਕਸ਼ੇ ਵਾਲੇ ਨੂੰ ਵੱਧ ਪੈਸੇ ਦੇਣਾ ਪਸੰਦ ਕਰਦਾ।

...ਤੇ ਮੈਂ ਇਹਦੇ ਰਿਕਸ਼ੇ ਤੇ ਬੈਠਾ ਸੋਚ ਰਿਹਾ ਸੀ ਕਿ ਇਹਨੂੰ ਇਹਦੀ ਔਕਾਤ ਕਿਵੇਂ ਯਾਦ ਕਰਵਾਈ ਜਾਵੇ।

ਘਰ ਦੇ ਗੇਟ ਅੱਗੇ ਉੱਤਰਕੇ ਮੈਂ ਉਸਦੇ ਅੱਗੇ ਇੱਕ ਸੌ ਦਾ ਨੋਟ ਕਰ ਦਿੱਤਾ।

ਉਸ ਨਾਲ ਪੱਚੀ ਰੁਪਏ ਕੀਤੇ ਸਨ।

ਮੈਨੂੰ ਪਤਾ ਸੀ ਕਿ ਉਸ ਕੋਲ ਨਾ ਤਾਂ ਸੌ ਦੇ ਖੁੱਲ੍ਹੇ ਹੋਣੇ ਸਨ ਅਤੇ ਨਾ ਹੀ ਉਸ ਸਮੇਂ ਕਿਤੋਂ ਮਿਲਣੇ ਸਨ। ਫਿਰ ਜਦੋਂ ਉਸ ਨੇ ਰੌਲਾ ਪਾਉਣਾ ਸੀ ਤਾਂ ਮੈਂ ਬਟੂਏ ਚੋਂ ਵੀਹ ਦੇ ਦੋ ਨੋਟ ਕੱਢ ਕੇ, ਚਾਲੀ ਰੁਪਏ ਉਹਦੇ ਮੂੰਹ ਤੇ ਮਾਰਨੇ ਸਨ, ‘‘ਚੱਕ, ਤੇ ਭੱਜ ਜਾ! ਬਹੁਤੀ ਬਕਵਾਸ ਕਰਨ ਦੀ ਲੋੜ ਨੀ!"

"ਖੁੱਲੇ ਦੇ ਦਿਉ!"

ਮੈਂ ਇੱਕ ਵੀਹ ਦਾ ਨੋਟ ਕੱਢ ਲਿਆ, "ਹੋਰ ਤਾਂ ਖੁੱਲ੍ਹੇ ਹੈ ਨੀ!"

ਉਹਨੇ ਦੋਹਾਂ ਨੋਟਾਂ ਵੱਲ ਵੇਖਿਆ। ਮੈਂ ਲੜਨ ਲਈ ਤਿਆਰ ਸੀ।

ਉਸ ਨੇ ਵੀਹ ਦਾ ਨੋਟ ਫੜ ਲਿਆ, "ਚਲੋ, ਕੋਈ ਨੀ! ਫੇਰ ਆ ਜਾਣਗੇ ਕਦੇ", ਕਹਿੰਦਿਆਂ ਉਹਨੇ ਰਿਕਸ਼ਾ ਮੋੜ ਲਿਆ।

ਮੈਂ ਉਸ ਨੂੰ ਜਵਾਬ ਦੇਣ ਲਈ ਦਿਮਾਗ਼ ਤੇ ਜ਼ੋਰ ਪਾਉਂਦਾ ਰਿਹਾ।

ਉਹ ਮੇਰੇ ਮੁਹੱਲੇ ਤੋਂ ਸੜਕ ਵਾਲਾ ਮੋੜ ਮੁੜ ਗਿਆ।

53/ਪਾਕਿਸਤਾਨੀ