ਚੰਡੀਗੜ੍ਹੀਅਨ
"ਸਰ! ਸਾਰਾ ਕੁਸ਼ ਤਿਆਰ ਪਿਐ! ਬਸ, ਡਰੈਸਾਂ ਦੀ ਈ ਘਾਟ ਐ!" ਅਨੀਤਾ ਮੈਡਮ ਨੇ ਪ੍ਰਿੰਸੀਪਲ ਦੇ ਕਮਰੇ ਅੰਦਰ ਦਾਖ਼ਲ ਹੁੰਦਿਆਂ ਹੀ ਕਿਹਾ।
ਉਸਦਾ ਚਿਹਰਾ ਵੇਖ ਕੇ ਪ੍ਰਿੰਸੀਪਲ ਦਾ ਦਿਲ ਬੈਠ ਗਿਆ।"ਤੁਸੀਂ ਤਿਆਰੀ ਕਰਾਓ, ਜਾ ਕੇ। ਮੈਂ ਦੇਖਦਾਂ", ਪ੍ਰਿੰਸੀਪਲ ਨੇ ਜਿਵੇਂ ਉਸਨੂੰ ਟਾਲਿਆ ਹੋਵੇ।
ਅਨੀਤਾ ਨੇ ਇੱਕ ਪਲ ਲਈ ਪ੍ਰਿੰਸੀਪਲ ਦੇ ਚਿਹਰੇ ਵੱਲ ਵੇਖਿਆ। ਕੁਝ ਦੇਰ ਸੋਚਿਆ। ਫਿਰ ਕਮਰੇ 'ਚੋਂ ਬਾਹਰ ਚਲੀ ਗਈ।
"ਤਿਆਰੀ ਤਾਂ, ਦੱਸ, ਹੁਣ ਸਾਰੀ ਹੋ ਚੁੱਕੀ ਐ, ਡਰੈੱਸਾਂ ਹੈ ਨੀ!........ ਤੇ ਸਰ ਕਹੀ ਜਾਂਦੇ ਨੇ ‘ਤਿਆਰੀ ਕਰਾਓ, ਤਿਆਰੀ ਕਰਾਓ!!" ਅਨੀਤਾ ਨੇ ਕਮਰੇ 'ਚੋਂ ਭਰ ਕੇ ਲਿਆਂਦਾ ਮਨ ਜਰਨੈਲ ਸਿੰਘ ਅੱਗੇ ਹੌਲਾ ਕੀਤਾ। ਉਹ ਪਹਿਲਾ ਵਿਅਕਤੀ ਸੀ, ਜੋ ਉਸਨੂੰ ਪ੍ਰਿੰਸੀਪਲ ਦੇ ਕਮਰੇ 'ਚੋਂ ਬਾਹਰ ਨਿਕਲਦਿਆਂ ਮਿਲਿਆ ਸੀ।
"ਸਰ! ਦੋ ਘੰਟੇ ਹੋ ਗੇ ਜੀ........!!" ਇਸ ਵਾਰ ਭਾਵਨਾ ਮੈਡਮ ਨੇ ਪ੍ਰਿੰਸੀਪਲ ਦੇ ਕਮਰੇ 'ਚ ਹੱਲਾ ਬੋਲਿਆ।
ਪ੍ਰਿੰਸੀਪਲ ਦੇ ਹੱਥਾਂ ਵਿੱਚੋਂ ਜਿਵੇਂ ਜਾਨ ਮੁੱਕ ਗਈ ਹੋਵੇ। ਟੈਲੀਫੋਨ ਦਾ ਫੜਿਆ ਰਿਸੀਵਰ ਹੇਠਾਂ ਰੱਖਦਿਆਂ ਉਸਨੇ ਫਿਰ ਕਿਹਾ, "ਚਲੋ, ਮੈਂ ਦੇਖਦਾਂ......!"
ਭਾਵਨਾ ਪ੍ਰਿੰਸੀਪਲ ਦੇ ਕਮਰੇ 'ਚੋਂ ਮੁਸਕੜੀਏਂ ਹੱਸਦੀ ਹੋਈ ਬਾਹਰ ਨਿਕਲੀ ਤੇ ਗਿਟਮਿਟ ਕਰਦੇ ਬਾਕੀ ਅਧਿਆਪਕਾਂ ਦੇ ਟੋਲੇ 'ਚ ਸ਼ਾਮਿਲ ਹੋ ਗਈ।
"ਹੁਣ ਏਹਨੂੰ ਆਊ ਸਵਾਦ, ਜਦ ਕੱਲ੍ਹ ਨੂੰ ਮਿੱਟੀ ਪਲੀਤ ਹੋਊ ਸਾਰਿਆਂ ਸਾਹਮਣੇ!........ ਸਾਰੇ ਫੰਕਸ਼ਨ ਦਾ ਸੱਤਿਆਨਾਸ ਮਾਰਿਆ ਗਿਆ........!" ਜਰਨੈਲ ਸਿੰਘ ਦੀ ਆਵਾਜ਼ ਟੋਲੇ ਦਰਮਿਆਨ ਸਾਫ ਸੁਣਾਈ ਦੇ ਰਹੀ ਸੀ।
"ਹੁਣ ਤੱਕ ਨਹੀਂ ਪਹੁੰਚੀ ਮੈਡਮ!" ਭਾਵਨਾ ਨੇ ਇੱਕ ਵਾਰ ਫਿਰ ਗੁੱਸਾ ਕੱਢਿਆ।
"ਸਜ-ਧਜ ਕੇ ਤਾਂ ਐਵੇਂ ਗਈ ਐ, ਜਿਵੇਂ ਅੱਜ ਮੰਗਣਾ ਹੋਵੇ ਉਹਦਾ!" ਕਿਸੇ ਮਰਦ ਅਧਿਆਪਕ ਨੇ ਵੀ ਵਹਿੰਦੀ ਗੰਗਾ 'ਚ ਹੱਥ ਧੋਤਾ।
"ਮੇਕਅੱਪ ਤੇ ਸੂਟ ਤਾਂ ਦੀਪਿਕਾ ਦਾ ਅੱਜ ਟੌਪ ਸੀ, ਬਈ, ਪੂਰਾ!......." ਦੂਜੇ ਮਰਦ ਅਧਿਆਪਕ ਨੇ ਵੀ ਕਿਹਾ।
ਜਦੋਂ ਔਰਤਾਂ ਨੇ ਟੇਢੀਆਂ ਨਜ਼ਰਾਂ ਨਾਲ ਉਸ ਵੱਲ ਤੱਕਿਆ ਤਾਂ ਉਸਨੇ ਹੋਰ ਸ਼ਬਦ ਜੋੜੇ, "........... ਉਸ ਤੇ ਸਕੂਲ 'ਚੋਂ ਬਾਹਰ ਜਾਂਦਿਆਂ ਮੇਰੀ ਅਚਾਨਕ ਨਜ਼ਰ ਪਈ ਸੀ!........ ਮੈਂ ਤਾਂ ਸਮਝਿਆ ਕੋਈ ਨਵੀਂ ਮੈਡਮ ਆਈ ਐ!........."
54/ਪਾਕਿਸਤਾਨੀ