ਸਮੱਗਰੀ 'ਤੇ ਜਾਓ

ਪੰਨਾ:ਪਾਕਿਸਤਾਨੀ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਭਾਖੜਾ ਡੈਮ ਨੂੰ ਤਾਂ, ਯਾਰ, ਇਹ ਨੰਗਲ ਡੈਮ ਦੱਸੀ ਜਾਂਦੀ ਸੀ! ਮੈਂ ਤਾਂ ਪ੍ਰਿੰਸੀਪਲ ਦੇ ਮੂੰਹ ਨੂੰ ਚੁੱਪ ਕਰ ਗਿਆ, ਨਹੀਂ ਤਾਂ, ਮੈਂ ਨਿਆਣਿਆਂ ਸਾਹਮਣੇ ਈ ਨੰਬਰ ਡੌਨ ਕਰ ਦੇਣੇ ਸੀ ਇਹਦੇ!........"

"ਆਹੋ! ਉਹ ਵੀ ਤਾਂ ਇਹਨੂੰ ਨਾਲ-ਨਾਲ ਲਈ ਫਿਰਦਾ ਸੀ!"

"ਚੰਡੀਗੜ੍ਹ ਪਹੁੰਚ ਕੇ ਤਾਂ ਦੋਹਾਂ ਨੇ ਹੱਦ ਈ ਕਰ ’ਤੀ, ਆਪਦੀ ਈ ਜੋੜੀ ਬਣਾਈ ਫਿਰੀ ਗਏ! ਨਾ ਬੱਚਿਆਂ ਦੀ ਪਰਵਾਹ, ਨਾ ਸਟਾਫ਼ ਦੀ ਸ਼ਰਮ!!"

ਪ੍ਰਿੰਸੀਪਲ ਜਦੋਂ ਅਧਿਆਪਕਾਂ ਦੇ ਚਿਹਰਿਆਂ ਤੋਂ ਅਸੰਤੁਸ਼ਟੀ ਦੇ ਭਾਵ ਪੜ੍ਹਦਾ, ਤਾਂ ਉਹਨਾਂ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰਦਾ, "ਅਸਲ 'ਚ, ਦੀਪਿਕਾ ਉੱਤੇ ਮੈਂ ਦੂਜੇ ਕੰਮ ਬਹੁਤ ਪਾ ਰੱਖੇ ਨੇ। ਤਾਂ ਕਰਕੇ ਕਲਾਸਾਂ ਘਟਾ ਦਿੱਤੀਆਂ ਨੇ!"

‘‘ਪਰ, ਸਰ! ਹੋਰ ਟੀਚਰ ਵੀ ਤਾਂ ਫੰਕਸ਼ਨ ਦੀਆਂ ਤਿਆਰੀਆਂ ਕਰਾਉਂਦੇ ਨੇ, ਉਹ ਫੇਰ ਵੀ ਛੇ-ਛੇ, ਸੱਤ-ਸੱਤ ਪੀਰੀਅਡ ਲਾਉਂਦੇ ਨੇ! ਨਾਲੇ, ਹੋਰ ਕੰਮ ਵੀ ਕਰਦੇ ਨੇ!.........," ਜਰਨੈਲ ਸਿੰਘ ਸਾਰੇ ਸਟਾਫ ਸਾਹਮਣੇ ਹੀ ਗਰਮ ਹੋ ਜਾਂਦਾ।

"ਕਈ ਵਾਰ ਉਹ ਸਿੱਧਾ ਦੀਪਿਕਾ ਨੂੰ ਹੀ ਸੰਬੋਧਿਤ ਹੁੰਦਾ, ".......... ਤੂੰ ਭਾਮੇਂ ਦੋ ਪੀਰਡ ਵੀ ਨਾ ਲਾ, ਮੈਨੂੰ ਕੋਈ ਦੁੱਖ ਨੀ! ਪਰ ਇਹਦੇ ਨਾਲ ਬਾਕੀ ਸਟਾਫ ਦਾ ਮੌਗੱਲ ਡਾਊਨ ਹੁੰਦੈ!"

ਉਹਨੂੰ ਪ੍ਰਿੰਸੀਪਲ ਸਾਹਮਣੇ ਬੋਲਣ ਤੋਂ ਕੋਈ ਝਿਜਕ ਨਹੀਂ ਸੀ।ਉਹ ਸਰਕਾਰੀ ਸਕੂਲ ਤੋਂ ਰਿਟਾਇਰ ਹੋ ਕੇ ਆਇਆ ਸੀ, ਤੇ ਇਹ ਪ੍ਰਾਈਵੇਟ ਨੌਕਰੀ ਉਸ ਲਈ ਸਿਰਫ਼ ਵਿਅਸਤ ਰਹਿਣ ਦਾ ਇੱਕ ਜ਼ਰੀਆ ਸੀ।

"........ ਏਸ ਉਮਰ 'ਚ ਬੀ. ਪੀ. ਹਾਈ ਕਰਨ ਨਾਲ ਥੋਡੀ ਸੇਹਤ ਖਰਾਬ ਹੋ ਸਕਦੀ ਐ!" ਪ੍ਰਿੰਸੀਪਲ ਜਰਨੈਲ ਸਿੰਘ ਨੂੰ ਠੰਢਾ ਕਰਨ ਦੀ ਕੋਸ਼ਿਸ਼ ਕਰਦਾ।

ਜਰਨੈਲ ਸਿੰਘ ਕੁਝ ਸੋਚ ਕੇ ਚੁੱਪ ਕਰ ਜਾਂਦਾ।

ਬਾਕੀ ਸਟਾਫ ਜਰਨੈਲ ਸਿੰਘ ਦੀ ਪ੍ਰਤੀਨਿਧਤਾ ਵਿੱਚ ਓਟ ਮਹਿਸੂਸ ਕਰਦਾ ਸੀ।

ਜਦੋਂ ਪ੍ਰਿੰਸੀਪਲ ਕਮਰੇ 'ਚੋਂ ਬਾਹਰ ਨਿਕਲਿਆ ਤਾਂ ਅਧਿਆਪਕਾਂ ਵਿੱਚ ਖ਼ਾਮੋਸ਼ੀ ਛਾ ਗਈ। ਉਸਨੇ ਮੋਬਾਈਲ ਫੋਨ ਕੰਨ ਤੇ ਲਾਇਆ ਹੋਇਆ ਸੀ।

"ਪਰ ........?" ਉਸਦਾ ਚਿਹਰਾ ਲਾਲ-ਸੁਰਖ਼ ਹੁੰਦਾ ਜਾ ਰਿਹਾ ਸੀ।

ਸਾਰਿਆਂ ਨੇ ਉਤਸੁਕਤਾ ਭਰੀਆਂ ਨਜ਼ਰਾਂ ਨਾਲ ਉਸ ਵੱਲ ਵੇਖਿਆ।

ਪ੍ਰਿੰਸੀਪਲ ਨੇ ਮੋਬਾਈਲ ਬੰਦ ਕਰਕੇ ਜੇਬ ਵਿੱਚ ਪਾਇਆ ਤੇ ਅਧਿਆਪਕਾਂ ਨੂੰ ਬੋਲਿਆ, "ਚਲੀ ਗਈ! ਉਹ ਉਧਰੋਂ ਹੀ ਬਸ ਚੜ੍ਹ ਗਈ!......" ਉਸਨੇ ਸ਼ਬਦ ਬੜੇ ਔਖਿਆਂ ਇਕੱਠੇ ਕੀਤੇ ਸਨ।

‘‘ਪਰ, ਸਰ! ਡਰੈਸਾਂ........?" ਅਨੀਤਾ ਦੇ ਮੂੰਹੋਂ ਸੁਭਾਵਿਕ ਹੀ ਨਿਕਲ ਗਿਆ।

ਜਰਨੈਲ ਸਿੰਘ ਨੇ ਉਸਨੂੰ ਚੁੱਪ ਰਹਿਣ ਲਈ ਇਸ਼ਾਰਾ ਕੀਤਾ।

56/ਪਾਕਿਸਤਾਨੀ