ਟਿਪ
ਐਡਵੋਕੇਟ ਰਮੇਸ਼ ਕੁਮਾਰ ਨੇ ਟੁੱਟਿਆ ਬੂਟ ਬੁੱਢੇ ਅੱਗੇ ਕਰਦਿਆਂ ਪੁੱਛਿਆ, ਕਿੰਨਾ ਕੁ ਟਾਇਮ ਲੱਗੂ?"
"ਬਸ ਜੀ, ਦੋ ਮਿੰਟ!"
ਉਸਦੇ ਕੰਬਦੇ ਹੱਥਾਂ ਨੂੰ ਵੇਖ ਕੇ ਰਮੇਸ਼ ਕੁਮਾਰ ਨੂੰ ਉਸਦੇ ‘ਦੋ ਮਿੰਟਾਂ' ਤੇ ਹਾਸੀ ਆ ਗਈ।
ਅਗਲੇ ਹੀ ਪਲ ਸਮਾਜਵਾਦ ਦੀਆਂ ਕਿਤਾਬਾਂ ’ਚ ਪੜ੍ਹੇ ਵਿਚਾਰ ਉਸ ਦੀਆਂ ਅੱਖਾਂ ਅੱਗੋਂ ਫਿਲਮ ਦੀ ਰੀਲ੍ਹ ਵਾਂਗ ਘੁੰਮ ਗਏ। "ਕਿੰਨੀ ਔਖੀ ਜ਼ਿੰਦਗੀ ਐ ਇਹਨਾਂ ਲੋਕਾਂ ਦੀ...।" ਤੇ ਉਸਨੇ ਮਨ ਹੀ ਮਨ ਸਿਸਟਮ ਨੂੰ ਕਈ ਗਾਲ੍ਹਾਂ ਕੱਢੀਆਂ।
ਬੁੱਢੇ ਦਾ ਇਕਹਿਰਾ ਸ਼ਰੀਰ ਸੜਕ ਕਿਨਾਰੇ ਵਿਛੀ ਬੋਰੀ ਤੇ ਜੰਮਿਆ ਹੋਇਆ ਸੀ। ਉਸਦੇ ਗੋਡਿਆਂ ਤੋਂ ਮੁੜ ਕੇ ਦੂਹਰੀਆਂ ਹੋਈਆਂ ਦੋਵੇਂ ਲੱਤਾਂ ਧਰਤੀ ਤੇ ਗੱਡੇ ਕਿੱਲਿਆਂ ਵਾਂਗ ਜਾਪਦੀਆਂ ਸਨ, ਜਿਨ੍ਹਾਂ ਵਿੱਚੋਂ ਕੁੱਬੀ ਪਿੱਠ ਵਾਲਾ ਉਸਦੇ ਸ਼ਰੀਰ ਦਾ ਉਪਰਲਾ ਹਿੱਸਾ ਅੱਗੇ ਵੱਲ ਝੁਕਿਆ ਹੋਇਆ ਸੀ। ਹੱਥਾਂ ਤੋਂ ਇਲਾਵਾ ਉਸਦੇ ਸ਼ਰੀਰ ਦਾ ਕੋਈ ਵੀ ਅੰਗ ਹਰਕਤ ਨਹੀਂ ਸੀ ਕਰ ਰਿਹਾ।
ਉਸਦੀ ਧੀਮੀ ਰਫਤਾਰ ਵੇਖ ਕੇ ਰਮੇਸ਼ ਕੁਮਾਰ ਨੇ ਪੱਕਿਆਂ ਕਰਨ ਲਈ ਇੱਕ ਵਾਰ ਫਿਰ ਪੁੱਛਣ ਦੇ ਲਹਿਜੇ 'ਚ ਕਿਹਾ, "ਮੈਨੂੰ ਲੱਗਦੈ, ਟਾਇਮ ਲੱਗੂ!"
"ਟੈਮ ਤਾਂ ਜੀ ਲੱਗੂਗਾ ਈ... ਬਹਿ-ਜੋ... ਤੁਸੀਂ।" ਬੁੱਢੇ ਨੇ ਨਾਲ ਵਿਛੀ ਬੋਰੀ ਵੱਲ ਇਸ਼ਾਰਾ ਕੀਤਾ, ਪਰ ਐਡਵੋਕੇਟ ਸਾਹਿਬ ਨੇ ਅਣਗੌਲਿਆਂ ਕਰ ਦਿੱਤਾ।
ਸਮਾਂ ਲੰਘਾਉਣ ਲਈ ਉਸਨੇ ਬੁੱਢੇ ਵੱਲ ਵੇਖਦਿਆਂ ਵਿਚਾਰਾਂ ਦੀ ਲੜੀ ਨੂੰ ਇੱਕ ਵਾਰ ਫਿਰ ਗੇੜਾ ਦਿੱਤਾ, "ਜ਼ਮਾਨਾ ਲੰਘ ਗਿਆ, ਇਹ ਬੁੜ੍ਹਾ ਉਵੇਂ ਦਾ ਉਵੇਂ ਈ ਐ.... ਨਾ ਮੁਰਝਾਇਆ, ਨਾ ਫਲਿਆ।" ਰਮੇਸ਼ ਕੁਮਾਰ ਨੂੰ ਕਚਹਿਰੀ 'ਚ ਆਪਣੇ ਸ਼ੁਰੂਆਤੀ ਦਿਨ ਯਾਦ ਆ ਗਏ।
ਉਦੋਂ ਉਸਨੇ ਆਪਣੇ ਉਸਤਾਦ ਵਕੀਲ ਅਧੀਨ ਕੰਮ ਕਰਨਾ ਸ਼ੁਰੂ ਕੀਤਾ ਸੀ। ਇਹ ਉਹ ਦਿਨ ਸਨ, ਜਦੋਂ ਉਹਨੂੰ ਕਚਹਿਰੀ ’ਚ ਧੱਕੇ ਖਾਂਦੇ ਲੋਕਾਂ ਤੇ ਤਰਸ ਆਉਂਦਾ ਸੀ। ਫਿਰ ਹੌਲੀ-ਹੌਲੀ ਉਸਨੂੰ ਆਦਤ ਹੋ ਗਈ ਸੀ। ਰਮੇਸ਼ ਕੁਮਾਰ, ਰਮੇਸ਼ ਤੋਂ ਐਡਵੋਕੇਟ ਰਮੇਸ਼ ਕੁਮਾਰ ਦੇ ਤੌਰ ਤੇ ਸਥਾਪਿਤ ਹੋ ਗਿਆ। ਹੁਣ ਉਸਦੇ ਗਾਹਕਾਂ ਵਿੱਚ ਜ਼ਿਲ੍ਹੇ ਦੇ ਧਨਾਢ ਤੇ ਸ਼ੋਹਰਤ ਵਾਲੇ ਲੋਕ ਸ਼ਾਮਿਲ ਸਨ-ਕਈ ਅਮੀਰ ਵਪਾਰੀ, ਕਈ ਗਰੁੱਪ 'ਏ' ਅਫ਼ਸਰ ਤੇ ਇਲਾਕੇ ਦੇ ਕਈ ਸਿਰਕੱਢ ਨੇਤਾ।... ਕਿੰਨਾ ਕੁੱਝ ਬਦਲ ਗਿਆ ਸੀ... ਕਚਹਿਰੀ ਦਾ ਗੇਟ ਨਵਾਂ ਬਣ ਗਿਆ ਸੀ... ਬਾਹਰ ਨਵੀਆਂ ਦੁਕਾਨਾਂ ਬਣ ਗਈਆਂ ਸਨ।
58/ਪਾਕਿਸਤਾਨੀ