ਜਮੀਲਾਂ
"ਆਲੂ ਲੈ, ਪਿਆਜ ਲੈ, ਗੋਭੀ ਲੈ..... ਭਾਅਅਅਈਈ...!" ਸਬਜ਼ੀ ਵਾਲੇ ਦਾ ਹੋਕਾ ਸੁਣ ਕੇ ਜਮੀਲਾਂ ਦਾ ਧਿਆਨ ਉਧਰ ਚਲਿਆ ਗਿਆ।
ਜਮੀਲਾਂ ਇਸ ‘ਭਾਈਂ' ਤੋਂ ਸਬਜ਼ੀ ਲੈ ਕੇ ਖ਼ੁਸ਼ ਨਹੀਂ ਸੀ, ਪਰ ਦੁਪਹਿਰ ਲਈ ਸਬਜ਼ੀ ਹਾਲੀਂ ਤੱਕ ਲਿਆਂਦੀ ਨਹੀਂ ਸੀ ਗਈ।
ਇਹ ਸਬਜ਼ੀ ਵਾਲਾ ਸਬਜ਼ੀ ਮਹਿੰਗੀ ਵੇਚਦਾ ਸੀ। ਉੱਪਰੋਂ ਆਕੜ ਸਿਖਰਾਂ ਦੀ! ਗ੍ਰਾਹਕ ਛੱਡ ਦਿੰਦਾ, ਪਰ ਇੱਕ ਪੈਸਾ ਘੱਟ ਨਾ ਕਰਦਾ! ਇਸੇ ਕਰਕੇ ਜਨਾਨੀਆਂ ਨਾਲ ਉਸ ਦੀ ਰੋਜ਼ਾਨਾ ਝੜਪ ਹੁੰਦੀ ਸੀ।
ਪਰ ਜਨਾਨੀਆਂ ਦੀ ਮਜਬੂਰੀ ਸੀ ਕਿ ਰੋਜ਼ਾਨਾ ਮੰਡੀਉਂ ਜਾਂ ਬਜ਼ਾਰੋਂ ਸਬਜ਼ੀ ਲਿਆਉਣਾ ਉਹਨਾਂ ਲਈ ਔਖਾ ਕੰਮ ਸੀ। ਇਸੇ ਕਰਕੇ ਜਮੀਲਾਂ ਤੇ ਮੁਹੱਲੇ ਦੀਆਂ ਹੋਰ ਔਰਤਾਂ, ਨਾਲੇ ਤਾਂ ਉਸ ਤੋਂ ਸਬਜ਼ੀ ਖ਼ਰੀਦ ਲੈਂਦੀਆਂ, ਤੇ ਨਾਲੇ, ਪਿੱਠ ਪਿੱਛੇ ਉਸ ਨੂੰ ਮੰਦਾ-ਚੰਗਾ ਬੋਲਦੀਆਂ।
ਜਮੀਲਾਂ ਸਬਜ਼ੀ ਲੈਣ ਲਈ ਹਾਲੀਂ ਬਾਹਰ ਜਾਣ ਬਾਰੇ ਸੋਚ ਹੀ ਰਹੀ ਸੀ ਕਿ ਉਸਦੀ ਵਿਚਕਾਰਲੀ ਦਰਾਣੀ ਦੀ ਆਵਾਜ਼ ਉਸ ਦੇ ਕੰਨਾਂ 'ਚ ਪਈ। ਸ਼ਾਇਦ ਉਹ ਸਬਜ਼ੀ ਲੈਣ ਲਈ ਬਾਹਰ ਨਿਕਲੀ ਸੀ। ਇਸ ਲਈ ਜਮੀਲਾਂ ਕੁਝ ਦੇਰ ਲਈ ਰੁਕ ਗਈ।
ਇਹ ਜਮੀਲਾਂ ਦੀ ਰੋਜ਼ ਦੀ ਸਮੱਸਿਆ ਸੀ। ਉਸ ਦੀ ਇਹ ਦਰਾਣੀ ਮਕਾਨ ਦੇ ਦੂਜੇ ਹਿੱਸੇ ਵਿੱਚ ਰਹਿੰਦੀ ਸੀ ਤੇ ਜਮੀਲਾਂ ਉਸਦੇ ਮੱਥੇ ਲੱਗਣ ਤੋਂ ਹਮੇਸ਼ਾ ਬਚਦੀ ਰਹਿੰਦੀ ਸੀ।
ਜਿਸ ਦਿਨ ਦਾ ਵੰਡ-ਵੰਡਈਆ ਹੋਇਆ ਸੀ, ਜਮੀਲਾਂ ਮੁਰਝਾਈ-ਮੁਰਝਾਈ ਰਹਿਣ ਲੱਗ ਪਈ ਸੀ। ਬੇਗਾਨਿਆਂ ਨੇ ਤਾਂ ਜੋ ਕਰਨਾ ਸੀ, ਜਮੀਲਾਂ ਨੂੰ ਦੁੱਖ ਤਾਂ ਆਪਣਿਆਂ ਤੋਂ ਸੀ।
ਜਮੀਲਾਂ ਕੁੜ੍ਹਦੀ ਰਹਿੰਦੀ ਸੀ ਕਿ ਬੁੱਢੇ ਦੀ ਗਰਦਨ ਆਕੜ ’ਚ ਨੀਵੀਂ ਨਹੀਂ ਸੀ ਹੁੰਦੀ। ਉਸ ਨੂੰ ਵੇਖਦਿਆਂ ਹੀ ਜਮੀਲਾਂ ਅੰਦਰ ਅੱਗ ਲੱਗ ਜਾਂਦੀ ਸੀ। ਜਦੋਂ ਉਹ ਹਰ ਆਏ-ਗਏ ਕੋਲ ਆਪਣੇ ਇਨਸਾਫ਼ ਤੇ ਸਫਲ ਕਬੀਲਦਾਰੀ ਦਾ ਜ਼ਿਕਰ ਕਰਦਾ, ਤਾਂ ਜਮੀਲਾਂ ਦੇ ਸਬਰ ਦਾ ਪਿਆਲਾ ਛਲਕਣ ਨੂੰ ਆਉਂਦਾ। ਇੱਕ ਰੱਬ ਦਾ ਖ਼ੌਫ ਹੀ ਸੀ, ਜਿਸ ਨੇ ਉਸ ਨੂੰ ਰੋਕ ਰੱਖਿਆ ਸੀ।
ਬੁੱਢੀ ਤੋਂ ਵੀ ਜਮੀਲਾਂ ਨੂੰ ਜਿੰਨੀਆਂ ਉਮੀਦਾਂ ਸਨ, ਉਹਨਾਂ ਤੇ ਵੀ ਪਾਣੀ ਫਿਰ ਚੁੱਕਿਆ ਸੀ। ਵਿਚਕਾਰਲੀ ਨੂੰਹ ਦੇ ਉਹ ਗੁਣ ਗਾਉਂਦੀ ਨਹੀਂ ਸੀ ਥੱਕਦੀ। ਸ਼ਾਇਦ ਇਸ ਕਰਕੇ, ਕਿਉਂਕਿ ਉਸ ਨੇ ਰੋਟੀ ਉਸੇ ਤੋਂ ਲੈਣੀ ਸੀ।
62/ਪਾਕਿਸਤਾਨੀ