ਪੰਨਾ:ਪਾਕਿਸਤਾਨੀ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਜਮੀਲਾਂ ਨੂੰ ਜ਼ਿਆਦਾ ਦੁੱਖ ਤਾਂ ਖੁਦ ਦੇ ਪਰਿਵਾਰ ਤੋਂ ਸੀ। ਔਰਤ ਨੂੰ ਜ਼ਿਆਦਾ ਉਮੀਦ ਜਿੱਥੋਂ ਹੁੰਦੀ ਹੈ, ਉਹ ਉਥੋਂ ਵੀ ਨਿਰਾਸ਼ ਹੋ ਚੁੱਕੀ ਸੀ। ਉਹ ਆਪਣੇ ਘਰ ਵਾਲੇ ਬਾਰੇ ਬੁੜਬੁੜਾਉਂਦੀ ਰਹਿੰਦੀ, "ਇਹ ਵੀ ਘੱਗੂ ਦਾ ਘੁੱਗੂ ਈ ਰਿਹਾ! ਸਾਰੀ ਉਮਰ ਧੰਦ ਪਿੱਟਦਿਆਂ ਦੀ ਲੰਘ ਗੀ, ਪਰ ਬੁੜੇ ਅੱਗੇ ਮਾੜਾ ਜਿਹਾ ਚੁਰਕ ਵੀ ਨਾ ਸਕਿਆ!....... ਉੱਪਰੋਂ ਬੁੜੇ ਦਾ ਸਿਆਪਾ ਆਪਣੇ ਗਲ ਪਾ ਲਿਆ!...... ਐਦੋਂ ਤਾਂ ਛੋਟੀ ਚੰਗੀ ਰਹੀ, ਐਥੋਂ ਨਿਕਲ ਕੇ ਆਪਣਾ ਮਕਾਨ ਤਾਂ ਖਰੀਦ ਲਿਆ! ਨਾ ਕਿਸੇ ਦਾ ਫਿਕਰ, ਨਾ ਫਾਕਾ!"

ਉਸਦੀ ਔਲਾਦ ਵੀ ਕੁਝ ਜ਼ਿਆਦਾ ਹੀ ਚੰਗੀ ਬਣਨ ਦੀ ਕੋਸ਼ਿਸ਼ ਕਰ ਰਹੀ ਸੀ। ਦੋਵੇਂ ਵੱਡੇ ਕੁੜੀ ਤੇ ਮੁੰਡਾ ਫੈਸਲੇ ਨਾਲ ਖੁਸ਼ ਸਨ। ਇਸੇ ਕਰਕੇ ਉਹ ਬੁੱਢਾ-ਬੁੱਢੀ ਦੇ ਚਹੇਤੇ ਬਣੇ ਹੋਏ ਸਨ! ...... ਤੇ ਛੋਟੇ ਨੂੰ ਇਹਨਾਂ ਗੱਲਾਂ ਦਾ ਪਤਾ ਹੀ ਕੀ ਹੋਣਾ ਸੀ।

ਜਮੀਲਾਂ ਸਾਰਿਆਂ ਨੂੰ ਸਮਝਾ-ਸਮਝਾ ਥੱਕ ਗਈ ਸੀ, ਪਰ ਕੋਈ ਫਾਇਦਾ ਨਾ ਹੋਇਆ। "ਆਹੋ! ਇਹ ਤਾਂ, ਫੇਰ, ਉਹਨਾਂ ਦਾ ਆਪਣਾ ਖੂਨ ਐ ਨਾ!..... ਮੈਂ ਈ ਲਿਆਂਦੀ ਹੋਈ ਆਂ! ਸਾਰਾ ਖਾਨਦਾਨ ਦੀ ਇੱਕੋ ਜਿਹੈ।" ਸੋਚ-ਸੋਚ ਉਹ ਕੁੜ੍ਹਦੀ ਰਹਿੰਦੀ।

ਜਮੀਲਾਂ ਅਖੀਰ ਹੰਭ ਕੇ ਬੈਠ ਗਈ ਸੀ। ਪਰ ਉਸ ਅੰਦਰਲੇ ਗੁਬਾਰ ਨੇ ਉਸ ਦਾ ਜਿਉਣਾ ਔਖਾ ਕੀਤਾ ਹੋਇਆ ਸੀ। ਉਹ ਇਸ ਪਰਿਵਾਰ ਲਈ ਆਪਣੇ ਹੱਥੀਂ ਬਣਾਈਆਂ ਮਣ-ਮਣ ਰੋਟੀਆਂ ਕਿਵੇਂ ਭੁੱਲ ਸਕਦੀ ਸੀ? ਮੱਝਾਂ ਦਾ ਗੋਹਾ-ਕੂੜਾ, ਸਾਰੇ ਟੱਬਰ ਲਈ ਧੋਤੇ ਮੈਲੇ ਕੱਪੜੇ, ਢੇਰਾਂ ਦੇ ਢੇਰ ਜੂਠੇ ਭਾਂਡੇ-ਫਜਰ ਤੋਂ ਲੈ ਕੇ ਰਾਤ ਤੱਕ ਸਾਹ ਨਹੀਂ ਸੀ ਆਉਂਦਾ ਹੁੰਦਾ! ਨਾ ਉਸ ਨੇ, ਨਾ ਵਿਚਾਰੇ ਉਸ ਦੇ ਘਰ ਵਾਲੇ ਨੇ, ਕਦੇ ਚੰਗੇ ਕੱਪੜੇ ਪਾ ਕੇ ਵੇਖੇ ਸੀ। ਜਵਾਨੀ ਕਦੋਂ ਲੰਘ ਗਈ, ਪਤਾ ਤੱਕ ਨਾ ਚੱਲਿਆ।

ਪਰ ਇਸ ਦੁਨੀਆਂ ਵਿੱਚ ਕੋਈ ਨਹੀਂ ਸੀ, ਜੋ ਉਸ ਦੀ ਗੱਲ ਨੂੰ ਸਮਝ ਸਕਦਾ। ਪੇਕਿਆਂ ਨੂੰ ਉਹ ਖ਼ੁਦ ਹੀ ਇਸ ਝੰਜਟ ਵਿੱਚ ਸ਼ਾਮਿਲ ਨਹੀਂ ਸੀ ਕਰਨਾ ਚਾਹੁੰਦੀ। ਉਹਨਾਂ ਨੂੰ ਕਿਹੜਾ ਪਹਿਲਾਂ ਗ਼ਮ-ਫਿਕਰ ਥੋੜ੍ਹੇ ਸਨ।

ਹੁਣ ਉਸ ਨੂੰ ਸਾਰੀ ਦੁਨੀਆ ਭੈੜੀ-ਭੈੜੀ ਲੱਗਦੀ ਸੀ। ਇਥੇ ਹਰ ਕੋਈ ਆਪਣੇ-ਆਪਣੇ ਮਤਲਬ ਨੂੰ ਭੱਜਿਆ ਫਿਰਦਾ ਸੀ। ਇਨਸਾਨੀ ਹਮਦਰਦੀ ਤਾਂ ਸਿਰਫ਼ ਭੁਲੇਖਾ ਹੀ ਸੀ।

ਬਾਹਰੋਂ ਕੁਝ ਤੂੰ-ਤੂੰ ਮੈਂ-ਮੈਂ ਦੀ ਆਵਾਜ਼ ਆਈ। ਲੱਗਦਾ ਸੀ ਕਿ ਉਸ ਦੀ ਦਰਾਣੀ ਸਬਜ਼ੀ ਵਾਲੇ ਨਾਲ ਖਹਿਬੜ ਪਈ ਸੀ। ਆਵਾਜ਼ਾਂ ਦੇ ਵਿਸ਼ਲੇਸ਼ਣ ਤੋਂ ਜਮੀਲਾਂ ਨੇ ਅੰਦਾਜ਼ਾ ਲਾਇਆ ਕਿ ਉਹ ਸਬਜ਼ੀ ਲਏ ਬਗੈਰ ਹੀ ਮੁੜ ਆਈ ਸੀ। ਇਸ ਲਈ ਜਮੀਲਾਂ ਸਬਜ਼ੀ ਲੈਣ ਬਾਹਰ ਨਿਕਲੀ।

"ਏਸ ਪਰਿਵਾਰ ਨੂੰ ਤਾਂ, ਪਤਾ ਨ੍ਹੀਂ, ਕਾਹਦਾ ਹੰਕਾਰ ਹੋਇਐ!..... ਕੋਈ ਚੀਜ਼

63/ਪਾਕਿਸਤਾਨੀ