ਨਵੇਂ ਗੁਆਂਢੀ
ਮਕਾਨ ਦੇ ਬਾਹਰ ਰਿਕਸ਼ਾ ਖੜ੍ਹਾ ਵੇਖ ਕੇ ਡਾਕਟਰ ਅੰਮ੍ਰਿਤਾ ਦਾ ਪਾਰਾ ਚੜ੍ਹ ਗਿਆ। ਮੱਥਾ ਤਾਂ ਉਸ ਦਾ ਉਦੋਂ ਹੀ ਠਣਕ ਗਿਆ ਸੀ, ਜਦੋਂ ਉਸ ਨੇ ਗਲੀ ਦੇ ਮੋੜ ਤੇ ਅਧਨੰਗੇ ਬੱਚੇ ਖੇਡਦੇ ਵੇਖੇ ਸਨ।
"ਸ਼ੀਲਾ ਆਅ! ...," ਉਸ ਨੇ ਆਪਣੇ ਘਰ ਅੰਦਰ ਦਾਖ਼ਲ ਹੁੰਦਿਆਂ ਹੀ ਨੌਕਰਾਣੀ ਨੂੰ ਆਵਾਜ਼ ਦਿੱਤੀ, "... ਨਾਲ ਦੇ ਮਕਾਨ ਵਿੱਚ ਕਿਰਾਏਦਾਰ ਕੌਣ ਆਇਐ?"
ਅੰਦਰੋਂ ਕੋਈ ਜਵਾਬ ਨਹੀਂ ਆਇਆ। ਸ਼ਾਇਦ ਸ਼ੀਲਾ ਹਾਲੀ ਆਈ ਨਹੀਂ ਸੀ, ਤੇ ਬੱਚੇ ਅੰਦਰ ਪੜ੍ਹ ਰਹੇ ਸਨ। ਬੁੜਬੁੜਾਉਂਦਿਆਂ ਅੰਮ੍ਰਿਤਾ ਕਮਰੇ ਵਿੱਚ ਵੜ ਗਈ।
ਜਦੋਂ ਤੋਂ ਨਾਲ ਵਾਲੇ ਨਵੇਂ ਮਕਾਨ ਦੀ ਮਾਲਕਣ ਤੋਂ ਅੰਮ੍ਰਿਤਾ ਨੂੰ ਪਤਾ ਲੱਗਿਆ ਸੀ ਕਿ ਉਹ ਮਕਾਨ ਨੂੰ ਕਿਰਾਏ ਤੇ ਚੜ੍ਹਾਉਣਗੇ, ਤਦੋਂ ਤੋਂ ਹੀ ਉਸ ਅੰਦਰ ਇੱਕ ਡਰ ਬੈਠ ਗਿਆ ਸੀ।
ਅੰਮ੍ਰਿਤਾ ਨੇ ਇਸ ਖੁੱਲ੍ਹੇ-ਡੁੱਲ੍ਹੇ ਮੁਹੱਲੇ ਵਿੱਚ ਮਕਾਨ ਇਸੇ ਲਈ ਖ਼ਰੀਦਿਆਂ ਸੀ ਤਾਂ ਜੋ ਉਹ ਸ਼ਹਿਰ ਦੇ ਰੌਲੇ-ਰੱਪੇ ਤੋਂ ਦੂਰ, ਸ਼ਾਂਤ ਮਹੌਲ ਵਿੱਚ, ਰਹਿ ਸਕੇ। ਪਰ, ਹੁਣ ਜੇ ਉਸ ਦਾ ਵਾਸਤਾ ਕਿਸੇ ਮਾੜੇ ਗੁਆਂਢੀ ਨਾਲ ਪੈ ਗਿਆ ਤਾਂ...!
ਸ਼ਾਮ ਨੂੰ ਜਦੋਂ ਉਹ ਬਗੀਚੇ ਵਿੱਚ ਕੁਰਸੀ ਡਾਹ ਕੇ ਬੈਠੀ ਤਾਂ ਨਵੇਂ ਗੁਆਂਢੀ ਕਿਰਾਏਦਾਰਾਂ ਦੇ ਰੌਲੇ-ਰੱਪੇ ਨੇ ਉਸ ਨੂੰ ਬੇਚੈਨ ਕਰ ਦਿੱਤਾ। ਕੁਦਰਤੀਂ, ਬਗੀਚੇ ਦੀ ਕੰਧ ਵੀ ਉਹਨਾਂ ਦੀ ਕੰਧ ਨਾਲ ਸਾਂਝੀ ਸੀ।
ਦੁਪਹਿਰ ਦੇ ਤਿੰਨ ਵਜੇ ਤੱਕ ਉਸਨੂੰ ਹਸਪਤਾਲ ਵਿੱਚ ਮਰੀਜ਼ਾਂ ਨਾਲ ਮਗਜ਼-ਖਪਾਈ ਕਰਨੀ ਪੈਂਦੀ ਸੀ। ਉਸ ਤੋਂ ਬਾਅਦ ਉਹ ਘਰ ਆ ਕੇ ਬੱਚਿਆਂ ਨੂੰ ਪੜ੍ਹਾਉਂਦੀ ਤੇ ਫਿਰ ਘਰ ਦੇ ਕੰਮਾਂ ਵਿੱਚ ਰੁੱਝ ਜਾਂਦੀ। ਰਾਤ ਦੇ ਖਾਣੇ ਦੀ ਤਿਆਰੀ ਤੋਂ ਪਹਿਲਾਂ ਇਹੋ ਹੀ ਕੁਝ ਪਲ ਉਸ ਦੇ ਆਪਣੇ ਹੁੰਦੇ ਸਨ। ਇਹਨਾਂ ਪਲਾਂ ਨੂੰ ਉਹ ਇਕੱਲਿਆਂ ਮਾਨਣਾ ਚਾਹੁੰਦੀ ਸੀ-ਦੋ ਘੜੀ ਸ਼ਾਂਤ-ਚਿੱਤ ਬੈਠ ਕੇ!
ਅੰਮ੍ਰਿਤਾ ਬਚਪਨ ਤੋਂ ਹੀ ਸ਼ਾਂਤੀ ਪਸੰਦ ਸੀ। ਛੋਟੇ ਹੁੰਦਿਆਂ ਉਹ ਉਂਨਾ ਕੁ ਹੀ ਪੜ੍ਹਦੀ ਸੀ ਜਿੰਨੀ ਪੜ੍ਹਾਈ ਨਾਲ ਚੰਗੇ ਨੰਬਰ ਆ ਜਾਣ-ਨਾ ਕਲਾਸ 'ਚ ਪਹਿਲੇ ਨੰਬਰ ਤੇ ਆਉਣ ਦੀ ਕੋਸ਼ਿਸ਼, ਤੇ ਨਾ ਹੀ ਸਕੂਲ ਦੀ ਕਿਸੇ ਹੋਰ ਗਤੀਵਿਧੀ `ਚ ਭਾਗ ਲੈਣਾ! ਜਦੋਂ ਮਾਂ ਨੇ ਸਮਝਾਇਆ ਕਿ ਕੁੜੀਆਂ ਨੂੰ ਘਰ ਦਾ ਕੰਮ ਵੀ ਕਰਨਾ ਪੈਂਦਾ ਹੈ, ਤਾਂ ਉਸ ਨੇ ਉੱਨਾ ਕੁ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿੰਨੇ ਨਾਲ ਮਾਂ ਖ਼ੁਸ਼ ਰਹੇ। ਬਾਕੀ ਸਮਾਂ ਉਹ ਆਪਣੇ ਕਮਰੇ ਦੀਆਂ ਚੀਜ਼ਾਂ ਨੂੰ ਤਰਤੀਬ ’ਚ ਰੱਖਣ, ਘਰ ਦੇ
65/ਪਾਕਿਸਤਾਨੀ