ਸਮੱਗਰੀ 'ਤੇ ਜਾਓ

ਪੰਨਾ:ਪਾਕਿਸਤਾਨੀ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੁੱਲ-ਬੂਟਿਆਂ ਨੂੰ ਸੰਭਾਲਣ, ਤੇ ਗ਼ਜ਼ਲਾਂ ਸੁਣਨ 'ਚ ਗੁਜ਼ਾਰ ਦਿੰਦੀ।

ਦਸਵੀਂ 'ਚ ਜਦੋਂ ਸਮਝ ਆਈ ਕਿ ਜ਼ਿੰਦਗੀ ’ਚ ‘ਸੈਟਲ' ਵੀ ਹੋਣਾ ਹੁੰਦਾ ਹੈ ਤਾਂ ਇੰਨੀ ਕੁ ਪੜ੍ਹ ਲਈ ਕਿ ਐਮ.ਬੀ.ਬੀ.ਐਸ. ’ਚ ਦਾਖ਼ਲਾ ਮਿਲ ਗਿਆ। ਪਰ ਡਿਗਰੀ ਕਰਨ ਤੋਂ ਬਾਅਦ ਨਾ ਤਾਂ ਉਸ ਨੇ ਨਾਲ ਦਿਆਂ ਵਾਂਗ ਐਮ.ਡੀ. ਜਾਂ ਐਮ. ਐਸ. 'ਚ ਦਾਖ਼ਲੇ ਲਈ ਕੋਸ਼ਿਸ਼ ਕੀਤੀ, ਤੇ ਨਾ ਹੀ ਪ੍ਰਾਈਵੇਟ ਪ੍ਰੈਕਟਿਸ ਕੀਤੀ।

ਪੜ੍ਹਾਈ ਤੋਂ ਤੁਰੰਤ ਬਾਅਦ ਸਿਵਲ ਹਸਪਤਾਲ 'ਚ ਨੌਕਰੀ ਮਿਲ ਗਈ, ਤੇ ਛੇਤੀ ਹੀ ਡਾਕਟਰ ਮੁੰਡੇ ਨਾਲ ਵਿਆਹ ਹੋ ਗਿਆ। ਬੱਸ! ...ਇਸ ਤੋਂ ਵਧ ਕੇ ਉਸ ਅੰਦਰ ਕੋਈ ਮਹੱਤਵਾਕਾਂਕਸ਼ਾ ਨਹੀਂ ਸੀ! ਬਾਕੀ ਜ਼ਿੰਦਗੀ ਉਹ ਆਪਣੀ ਮਸਤੀ 'ਚ ਹੀ ਬਿਤਾਉਣਾ ਚਾਹੁੰਦੀ ਸੀ।

ਪਰ ਕੰਧ ਪਾਰਲੀਆਂ ਆਵਾਜ਼ਾਂ ਨੇ ਉਸ ਦੀ ਸ਼ਾਂਤੀ ਵਿੱਚ ਵਿਘਨ ਪਾ ਦਿੱਤਾ ਸੀ। ਉਸ ਨੂੰ ਇਨਸਾਨੀ ਆਵਾਜ਼ਾਂ ਦੇ ਨਾਲ-ਨਾਲ ਸਾਮਾਨ ਦੀਆਂ ਆਵਾਜ਼ਾਂ ਵੀ ਤੰਗ ਕਰ ਰਹੀਆਂ ਸਨ। ਉਸ ਨੂੰ ਲੱਗ ਰਿਹਾ ਸੀ ਕਿ ਸਾਰਾ ਸੰਸਾਰ ਕੰਧ ਦੇ ਪਾਰ ਇਕੱਠਾ ਹੋ ਕੇ ਉਸ ਨੂੰ ਮੌਲਿਕ ਅਧਿਕਾਰਾਂ ਤੋਂ ਵਾਂਝਿਆਂ ਕਰਨ ਦੀ ਸਾਜ਼ਿਸ਼ ਕਰ ਰਿਹਾ ਸੀ।

ਰਾਤ ਦਾ ਖਾਣਾ ਖਾਂਦੇ ਹੋਏ ਅੰਮ੍ਰਿਤਾ ਨੇ ਪਤੀ ਕੋਲ ਗੱਲ ਕੀਤੀ। ਪਰ ਪਤੀ ਦੇਵ ਨੇ ਸਾਰੀ ਸ਼ਿਕਾਇਤ ਨੂੰ ਸਿਰਫ "ਹੂੰ-ਹਾਂ" ਕਰ ਕੇ ਹੀ ਨਿਪਟਾ ਦਿੱਤਾ। ਡਾਕਟਰ ਸਾਹਿਬ ਨੂੰ ਪਤਾ ਸੀ ਕਿ ਅੰਮ੍ਰਿਤਾ ਦਾ ਇਹ ਅਲਾਪ ਕਈ ਦਿਨਾਂ ਤੱਕ ਜਾਰੀ ਰਹਿਣਾ ਸੀ। ਇਸ ਲਈ ਉਹਨਾਂ ਨੇ ਆਪਣੇ ਆਪ ਨੂੰ ਇਸ ਦੇ ਲਈ ਮਾਨਸਿਕ ਤੌਰ ਤੇ ਤਿਆਰ ਕਰ ਲਿਆ ਸੀ।

ਹੋਇਆ ਵੀ ਇੰਝ ਹੀ! ਜਦੋਂ ਵੀ ਅੰਮ੍ਰਿਤਾ ਬਗੀਚੇ ਵਿੱਚ ਜਾਂਦੀ ਤਾਂ ਉਸ ਨੂੰ ਮੱਧਮ ਤੋਂ ਮੱਧਮ ਆਵਾਜ਼ ਵੀਚੁਭ ਜਾਂਦੀ। ਗਲੀ ’ਚੋਂ ਲੰਘਦੇ ਸਕੂਟਰ ਮੋਟਰਸਾਇਕਲ ਤੇ ਕਾਰਾਂ ਦੀਆਂ ਆਵਾਜ਼ਾਂ-ਜਿੰਨ੍ਹਾਂ ਵੱਲ ਪਹਿਲਾਂ ਕਦੇ ਉਸ ਦਾ ਧਿਆਨ ਹੀ ਨਹੀਂ ਗਿਆ ਸੀ-ਤੇ ਵੀ ਉਸ ਨੂੰ ਖਿਝ ਚੜ੍ਹਨ ਲੱਗ ਪਈ ਸੀ।

"ਡਾਕਟਰ ਸਾਹਿਬ! ...," ਅੰਮ੍ਰਿਤਾ ਨੇ ਇੱਕ ਰਾਤ ਰੋਟੀ ਖਾਂਦਿਆਂ ਪਤੀ ਨਾਲ ਦੁਬਾਰਾ ਗੱਲ ਕਰਨ ਦੀ ਕੋਸ਼ਿਸ਼ ਕੀਤੀ।

"ਹੂੰ?"

"... ਜੇ ਆਪਾਂ ਘਰ ਬਦਲ ਲਈਏ?...."

"ਕਿਉਂ?" ਦਾਲ ਦੇ ਸਵਾਦ 'ਚ ਵਿਅਸਤ ਡਾਕਟਰ ਸਾਹਿਬ ਨੇ ਬਿਨਾ ਮੂੰਹ ਉੱਪਰ ਚੁੱਕਿਆਂ ਪੁੱਛਿਆ।

"ਏਥੇ ਸ਼ੋਰ ਬਹੁਤ ਐ! ... ਬੱਚਿਆਂ ਦੀ ਪੜ੍ਹਾਈ 'ਚ ਵਿਘਨ ਪੈਂਦੈ!"

"ਪਰ, ਤੂੰ ਹੀ ਤਾਂ ਪਹਿਲਾਂ ਕਹਿੰਦੀ ਸੀ ਕਿ ਇਹ ਏਰੀਆ ਸ਼ਹਿਰ 'ਚ ਸਭ ਤੋਂ ਵੱਧ ਸ਼ਾਂਤੀ ਵਾਲੈ!" ਗੱਲ ਕਰਨ ਦੇ ਨਾਲ-ਨਾਲ ਡਾਕਟਰ ਸਾਹਿਬ ਰੋਟੀ ਦੇ ਨਵਾਲੇ ਵੀ ਮੂੰਹ 'ਚ ਪਾਈ ਜਾ ਰਹੇ ਸਨ।

66/ਪਾਕਿਸਤਾਨੀ