ਸਮੱਗਰੀ 'ਤੇ ਜਾਓ

ਪੰਨਾ:ਪਾਕਿਸਤਾਨੀ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"...ਪਹਿਲਾਂ ਸੀ! ਹੁਣ ਆਹ ਨਵੇਂ ਕਿਰਾਏਦਾਰਾਂ ਨੇ ਆ ਕੇ ਸਾਰੀ ਕਲੋਨੀ ਦੀ ਸ਼ਾਂਤੀ ਭੰਗ ਕਰ ’ਤੀ।" ਅੰਮ੍ਰਿਤਾ ਰੋਟੀ ਦੀ ਅਗਲੀ ਬੁਰਕੀ ਤੋੜਨ ਤੋਂ ਪਹਿਲਾਂ ਰੁਕ ਕੇ ਬੋਲੀ।

"ਹੂੰ!" ਕਹਿ ਕੇ ਡਾਕਟਰ ਸਾਹਿਬ ਨੇ ਦਾਲ ਦੀ ਕੌਲੀ ਖ਼ਤਮ ਕਰਕੇ ਪਾਸੇ ਰੱਖ ਦਿੱਤੀ, ਤੇ ਹੱਥ ਧੋਣ ਲਈ ਉੱਠ ਖੜ੍ਹੇ।

ਅੰਮ੍ਰਿਤਾ ਖਿਝ ਦਾ ਘੁੱਟ ਅੰਦਰ ਲੰਘਾ ਕੇ ਫਿਰ ਰੋਟੀ ਖਾਣ ਲੱਗ ਪਈ। ਉਸ ਨੂੰ ਪਤਾ ਸੀ ਕਿ ਡਾਕਟਰ ਸਾਹਿਬ ਨੇ ਉਸ ਦੀ ਗੱਲ ਨੂੰ ਸਿਰਫ ਟਰਕਾਇਆ ਹੀ ਸੀ।

ਹੁਣ ਘਰ ਵਿੱਚ ਹਰ ਗੱਲ ਘੁੰਮ-ਫਿਰ ਕੇ ਗੁਆਂਢੀਆਂ ਤੇ ਆ ਜਾਂਦੀ ਸੀ। ਜੇ ਉਬਾਲਣ ਲਈ ਰੱਖਿਆ ਦੁੱਧ ਨਿਕਲ ਜਾਂਦਾ, ਜੇ ਬੱਚਿਆਂ ਵਿੱਚੋਂ ਕੋਈ ਉਸ ਦੀ ਗੱਲ ਨਾ ਸੁਣਦਾ, ਜੇ ਸ਼ੀਲਾ ਆਉਣ ਲੱਗਿਆਂ ਦੇਰ ਕਰ ਦਿੰਦੀ, ਜਾਂ ਕੁਝ ਵੀ ਮਾੜਾ ਹੁੰਦਾ, ਤਾਂ ਉਸ ਦਾ ਦੋਸ਼ ਅੰਮ੍ਰਿਤਾ ਗੁਆਂਢੀਆਂ ਤੇ ਮੜ੍ਹ ਦਿੰਦੀ। ਉਹ ਗੱਲ-ਗੱਲ ਤੇ ਉਹਨਾਂ ਨੂੰ ਕੋਸਦੀ ਰਹਿੰਦੀ, ਤੇ ਘਰ ਦੇ ਬਾਕੀ ਜੀਅ ਅਣਸੁਣਿਆਂ ਕਰ ਦਿੰਦੇ।

ਸ਼ਾਮ ਨੂੰ ਜਦੋਂ ਬਗੀਚੇ ਵਿੱਚ ਬੈਠਿਆਂ ਕੰਧ ਪਾਰ ਤੋਂ ਆਵਾਜ਼ਾਂ ਜ਼ਿਆਦਾ ਆਉਣ ਲੱਗਦੀਆਂ ਤਾਂ ਅੰਮ੍ਰਿਤਾ ਉੱਠ ਕੇ ਅੰਦਰ ਚਲੀ ਜਾਂਦੀ। ਕਦੇ-ਕਦੇ ਆਵਾਜ਼ਾਂ ਦੇ ਬਾਵਜੂਦ ਉਹ ਉਥੇ ਹੀ ਕੁਰਸੀ ਡਾਹ ਕੇ ਬੈਠੀ ਰਹਿੰਦੀ। ਹੌਲੀ-ਹੌਲੀ ਉਸ ਨੂੰ ਕੰਧ ਪਾਰ ਤੋਂ ਬੱਚਿਆਂ ਦੇ ਰੋਣ ਦੀਆਂ, ਲੜਾਈ ਦੀਆਂ, ਉੱਚੀ ਬੋਲਣ ਦੀਆਂ ਆਵਾਜ਼ਾਂ ਆਮ ਲੱਗਣ ਲੱਗ ਪਈਆਂ- ਜਿਵੇਂ ਘਰ ਵਿੱਚ ਕੂਲਰ ਦੀਆਂ, ਪੱਖੇ ਦੀਆਂ ਜਾਂ ਨਾਲ ਦੇ ਕਮਰੇ 'ਚੋਂ ਟੈਲੀਵਿਜ਼ਨ ਦੀਆਂ ਆਵਾਜ਼ਾਂ ਨਾਲ ਕੋਈ ਵਿਘਨ ਨਹੀਂ ਪੈਂਦਾ।

ਇਕ ਦਿਨ, ਜਦੋਂ ਅੰਮ੍ਰਿਤਾ ਬਗੀਚੇ ਵਿੱਚ ਕੁਰਸੀ ਡਾਹ ਕੇ ਬੈਠੀ ਤਾਂ ਉਸ ਨੂੰ ਆਲੇ-ਦੁਆਲੇ ਸ਼ਾਂਤੀ ਪ੍ਰਤੀਤ ਹੋਈ।

ਕੁਝ ਹੀ ਦੇਰ ਬਾਅਦ ਉਸ ਨੂੰ ਇਹ ਸ਼ਾਂਤੀ ਅਜੀਬ ਲੱਗਣ ਲੱਗ ਪਈ।

ਅੰਮ੍ਰਿਤਾ ਇਕ ਦਮ ਉੱਠੀ, ਤੇ ਘਰੋਂ ਬਾਹਰ ਨਿਕਲ ਕੇ ਨਾਲ ਦੇ ਮਕਾਨ ਤੱਕ ਗਈ। ਉਥੇ ਗੇਟ ਨੂੰ ਜੰਦਰਾ ਲੱਗਿਆ ਹੋਇਆ ਸੀ।

ਉਸ ਨੇ ਸ਼ੁਕਰ ਮਨਾਇਆ ਕਿ ਬਹੁਤ ਸਮੇਂ ਬਾਅਦ ਅੱਜ ਉਹ ਸ਼ਾਂਤ ਚਿੱਤ ਬੈਠ ਸਕੇਗੀ।

ਜਦੋਂ ਉਹ ਦੁਬਾਰਾ ਬਗੀਚੇ ਵਿੱਚ ਆਈ ਤਾਂ ਉਸ ਨੇ ਫੁੱਲ-ਬੂਟਿਆਂ ਤੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਆਲੇ-ਦੁਆਲੇ ਪਸਰੀ ਚੁੱਪ ਉਸ ਨੂੰ ਬੇਚੈਨ ਕਰੀ ਜਾ ਰਹੀ ਸੀ।

ਥੋੜ੍ਹੀ ਦੇਰ ਬਾਅਦ ਉਸ ਨੂੰ ਆਲਾ-ਦੁਆਲਾ ਸੁੰਞਾ-ਸੁੰਞਾ ਲੱਗਣ ਲੱਗ ਪਿਆ। ਫਿਰ ਜਦੋਂ ਇਹ ਸ਼ਾਂਤੀ ਉਸ ਲਈ ਅਸਹਿ ਹੋ ਗਈ ਤਾਂ ਉਹ ਉੱਠ ਕੇ ਅੰਦਰ ਚਲੀ ਗਈ।

67/ਪਾਕਿਸਤਾਨੀ