ਸਮੱਗਰੀ 'ਤੇ ਜਾਓ

ਪੰਨਾ:ਪਾਕਿਸਤਾਨੀ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਸ਼ਾਮ ਦਾ ਬਾਕੀ ਸਮਾਂ ਵੀ ਉਦਾਸੀ ਵਿੱਚ ਗੁਜ਼ਰਿਆ। ਉਸ ਨੂੰ ਆਪਣੀ ਕਲੋਨੀ ਕਿਸੇ ਬੀਤ ਚੁੱਕੇ ਸਮੇਂ ਦੀ ਨਿਸ਼ਾਨੀ ਲੱਗਣ ਲੱਗ ਪਈ। ਬਿਲਕੁਲ ਅਜਿਹਾ ਹੀ ਅਹਿਸਾਸ ਉਸ ਨੂੰ ਇੱਕ ਸਾਲ ਪਹਿਲਾਂ ਹੋਇਆ ਸੀ, ਜਦੋਂ ਉਹ ਮਾਂ ਦੇ ਮਰਨ ਤੋਂ ਬਾਅਦ ਪਹਿਲੀ ਵਾਰ ਪੇਕੇ ਗਈ ਸੀ।

ਅਗਲੀ ਸਵੇਰ ਜਦੋਂ ਸ਼ੀਲਾ ਕੰਮ ਤੇ ਆਈ ਤਾਂ ਅੰਮ੍ਰਿਤਾ ਨੇ ਨਾ ਚਾਹੁੰਦਿਆਂ ਵੀ ਉਸ ਤੋਂ ਪੁੱਛ ਹੀ ਲਿਆ, "ਆਹ, ਨਾਲ ਵਾਲੇ ਗੁਆਂਢੀ ਚਲੇ ਗਏ?"

ਸ਼ੀਲਾ ਨੂੰ ਸਾਰੇ ਮੁਹੱਲੇ ਦੀ ਖ਼ਬਰ ਰਹਿੰਦੀ ਸੀ, ਤੇ ਇਸੇ ਕਰਕੇ ਉਸਨੂੰ ਨਾਲ ਵਾਲੇ ਗੁਆਂਢੀਆਂ ਬਾਰੇ ਵੀ ਪਤਾ ਹੋਣਾ ਸੀ।

"ਨਹੀਂ, ਜੀ! ਗਏ ਤਾਂ ਨ੍ਹੀਂ! ਊਂ, ਜਾਣ ਨੂੰ ਕਹਿੰਦੇ ਨੇ!" "ਕਿਉਂ!?... ਐਨਾ ਵਧੀਆ ਮਕਾਨ ਐ, ਤੇ ਏਰੀਆ ਵੀ ਵਧੀਐ!"

‘‘ਪਰ, ਗਰੀਬ ਬੰਦੇ ਨੇ, ਬੀਬੀ ਜੀ! ਐਨਾ ਕਰਾਇਆ ਨ੍ਹੀਂ ਦੇ ਸਕਦੇ।"

"ਕੋਈ ਨ੍ਹੀਂ! ਇਹਨਾਂ ਨੂੰ ਕਹਿ-ਦੀ, ਮੈਂ ਮਕਾਨ ਮਾਲਕਣ ਨਾਲ ਗੱਲ ਕਰ ਲਊਂਗੀ, ਕਰਾਇਆ ਘੱਟ ਕਰਨ ਵਾਸਤੇ! ਐਹੋ ਜੇ ਮਕਾਨ ਕਿਤੇ ਮਿਲਦੇ ਨੇ ਸ਼ਹਿਰ 'ਚ!... ਮਕਾਨ ਮਾਲਕਣ ਨੇ ਵੀ, ਦੱਸ, ਸਾਰੇ ਪੈਸੇ ਇਹਨਾਂ ਤੋਂ ਈ ਲੈਣੇ ਨੇ! ਜਿਹੜੇ ਦੋ ਕਮਰੇ ਖਾਲੀ ਪਏ ਨੇ, ਉਹ ਕਿਸੇ ਹੋਰ ਨੂੰ ਕਿਰਾਏ ਤੇ ਦੇ ਕੇ ਪੈਸੇ ਪੂਰੇ ਕਰ ਲਵੇ!"

ਸ਼ੀਲਾ ਨੇ ਹੈਰਾਨੀ ਨਾਲ ਅੰਮ੍ਰਿਤਾ ਵੱਲ ਵੇਖਿਆ।

ਉਸ ਦੀਆਂ ਪ੍ਰਸ਼ਨ ਭਰੀਆਂ ਨਜ਼ਰਾਂ ਅੰਮ੍ਰਿਤਾ ਨੂੰ ਆਪਣੇ ਚਿਹਰੇ ਤੇ ਚੁਭੀਆਂ। "ਗਰੀਬ ਬੰਦੇ ਨੇ!... ਜੇ ਕਿਸੇ ਦਾ ਭਲਾ ਹੋ-ਜੂ ਤਾਂ ਆਪਣਾ ਕੀ ਜਾਂਦੈ।" ਕਹਿੰਦਿਆਂ ਅੰਮ੍ਰਿਤਾ ਕਾਹਲੀ ਨਾਲ ਕਮਰੇ 'ਚ ਵੜ ਗਈ।

68/ਪਾਕਿਸਤਾਨੀ