ਸਮੱਗਰੀ 'ਤੇ ਜਾਓ

ਪੰਨਾ:ਪਾਕਿਸਤਾਨੀ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਹਲ

ਸੜਕ ਤੋਂ ਪਿੰਡ ਦਾ ਮੋੜ ਮੁੜਦਿਆਂ ਹੀ ਮਾਸਟਰ ਜਮਨਾ ਦਾਸ ਦੇ ਪੈਰ ਹੌਲੀ ਹੋ ਗਏ। ਉਸ ਨੇ ਪਿੱਪਲ ਹੇਠਾਂ ਨਿਗ੍ਹਾ ਮਾਰੀ।

ਕੋਈ ਨਹੀਂ ਸੀ।

"ਸ਼ੁਕਰ ਐ...!" ਕਹਿੰਦਿਆਂ ਮਾਸਟਰ ਨੇ ਮੁੜ ਆਪਣੀ ਚਾਲ ਫੜ ਲਈ। ਨਹੀਂ ਤਾਂ, ਉਸ ਨੂੰ ਪਰਲੇ ਪਾਸੇ ਦੀ ਵਾਟ ਪਾ ਕੇ ਜਾਣਾ ਪੈਣਾ ਸੀ।

ਪਿੱਪਲ ਕੋਲੋਂ ਲੰਘਣ ਲੱਗਿਆਂ ਮਾਸਟਰ ਦੇ ਮੂੰਹੋਂ ਆਪ-ਮੁਹਾਰੇ ਨਿਕਲ ਗਿਆ, "ਜਿਉਂਦੀਆਂ ਲਾਸ਼ਾਂ, ਸਹੁਰੀਆਂ!"

ਸ਼ੁਰੂ ਦੇ ਦਿਨਾਂ ਵਿੱਚ ਜਮਨਾ ਦਾਸ ਇਹਨਾਂ ਬੰਦਿਆਂ ਦੀ ਟੋਲੀ ਵਿੱਚੋਂ ਉੱਠਣ ਦਾ ਨਾਂ ਨਹੀਂ ਸੀ ਲੈਂਦਾ। ... ਤੇ ਹੁਣ, ਉਹਨਾਂ ਨੂੰ ਵੇਖ ਕੇ ਹੀ ਬਚ ਨਿਕਲਣ ਦੀ ਕਰਦਾ ਸੀ।

ਪਤਾ ਨਹੀਂ ਕਿਉਂ, ਹੁਣ ਉਸ ਨੂੰ ਇਹਨਾਂ ਦੀਆਂ ਨਿਰਾਸ਼ਾ ਭਰੀਆਂ ਗੱਲਾਂ ਤੋਂ ਖਿਝ ਹੋ ਗਈ ਸੀ, "ਇਹ ਵੀ ਕੋਈ ਜ਼ਿੰਦਗੀ ਐ!"

ਜਦੋਂ ਵੀ ਕੋਈ ਬੁੱਢਾ ਆਪਣੇ ਘਰ ਦੇ ਹਾਲਾਤ ਦਾ ਰੋਣਾ ਰੋਂਦਾ ਤਾਂ ਮਾਸਟਰ ਨੂੰ ਉਹ ਬੁਰਾ ਲੱਗਣ ਲੱਗ ਪੈਂਦਾ, "ਨਾ ਤਾਂ ਇਹਨਾਂ ਦੇ ਹਾਲਾਤ ਜ਼ਿੰਦਗੀ ਭਰ ਠੀਕ ਹੋਏ ਨੇ, ਨਾ ਹੋਣੇ ਨੇ!"

ਮਾਸਟਰ ਦੀ ਆਪਣੀ ਜ਼ਿੰਦਗੀ ਵੀ ਆਖ਼ਰੀ ਦੌਰ ਵਿੱਚ ਦਾਖ਼ਲ ਹੋ ਚੁੱਕੀ ਸੀ। ਸਾਰੀ ਜ਼ਿੰਦਗੀ ਉਹ ਵੀ ਕਿਸੇ ਨਾ ਕਿਸੇ ਆਸ ਦੇ ਸਹਾਰੇ ਕੱਟੀ ਗਿਆ ਸੀ। ਇਹ ਸੋਚ ਕੇ ਉਸ ਨੂੰ ਸਾਰੇ ਬੁੱਢੇ ਬੇਕਸੂਰ ਜਾਪਣ ਲੱਗ ਪਏ, ਤੇ ਉਹ ਆਪਣੇ ਆਪ ਤੇ ਮੁਸਕੁਰਾ ਪਿਆ।

ਫਿਰ ਉਸ ਦਾ ਧਿਆਨ ਬਿਮਲਾ ਦੇਵੀ ਤੇ ਗਿਆ, ਜਿਸ ਨੇ ਹੁਣ ਕਈ ਦਿਨਾਂ ਤੋਂ ਤੀਰਥਾਂ ਤੇ ਜਾਣ ਦਾ ਮੁੜ ਜ਼ਿਕਰ ਨਹੀਂ ਸੀ ਕੀਤਾ। ਉਹ ਵੀ ਸਾਰੀ ਜ਼ਿੰਦਗੀ ਇਸੇ ਸਹਾਰੇ ਕੱਟਦੀ ਰਹੀ ਕਿ ਕਦੇ ਨਾ ਕਦੇ ਉਸ ਦੇ ਸਾਰੇ ਕੰਮ ਮੁੱਕ ਜਾਣਗੇ, ਤੇ ਫਿਰ ਉਹ ਸੁਰਖ਼ਰੂ ਹੋ ਕੇ ਤੀਰਥਾਂ ਦੀ ਯਾਤਰਾ ਤੇ ਜਾ ਸਕੇਗੀ।

ਉਹ ਆਪ ਵੀ ਸਾਰੀ ਜ਼ਿੰਦਗੀ ਇਸੇ ਆਸ ਤੇ ਜਿਉਂਦਾ ਰਿਹਾ ਕਿ ਰਿਟਾਇਰਮੈਂਟ ਤੋਂ ਬਾਅਦ ਸਾਰੀ ਕਬੀਲਦਾਰੀ ਨਬੇੜ ਕੇ ਉਹ ਮੁੜ ਆਪਣੇ ਪਿੰਡ ਚਲਿਆ ਜਾਵੇਗਾ, ਤੇ ਖੁੱਲ ਕੇ ਜ਼ਿੰਦਗੀ ਮਾਣ ਸਕੇਗਾ।

ਪਹਿਲਾਂ-ਪਹਿਲਾਂ ਪਿੰਡ ਵਿੱਚ ਉਸ ਦਾ ਦਿਲ ਵੀ ਬਹੁਤ ਲੱਗਿਆ ਸੀ। ਵਿਹਲ, ਖੁੱਲ੍ਹ, ਪੁਰਾਣੇ ਸੰਬੰਧੀ, ਚਿੰਤਾ ਤੋਂ ਮੁਕਤੀ-ਇੱਕ ਵਾਰ ਤਾਂ ਉਸ ਨੂੰ ਲੱਗਣ

69/ਪਾਕਿਸਤਾਨੀ