ਪੰਨਾ:ਪਾਕਿਸਤਾਨੀ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਚ ਯੂਨੀਅਨ ਵਾਲੇ ਮੁੰਡੇ ਘੁੰਮ ਜਾਂਦੇ ਸੀ। ਵਿਦਿਆਰਥੀਆਂ ਦੀ ਹੜਤਾਲ ਸਮੇਂ ਰੁਪਿੰਦਰ ਨੇ ਉਹਨਾਂ ਤੇ ਪੁਲਿਸ ਦੀ ਕੁੱਟ ਪੈਂਦੀ ਆਪਣੇ ਅੱਖੀਂ ਵੇਖੀ ਸੀ। ਕਈਆਂ ਤੇ ਸੱਚੇ-ਝੂਠੇ ਕੇਸ ਵੀ ਬਣ ਗਏ ਸਨ।

ਅਮਨ ਵੀ ਕਈ ਵਾਰ ਉਹਨਾਂ ਜਿਹੀਆਂ ਹਰਕਤਾਂ ਕਰਨ ਲੱਗ ਪੈਂਦਾ ਸੀ। "ਆਪਾਂ ਨੇ ਵੀ, ਬਾਈ, ਭਗਤ ਸਿੰਘ ਆਂਗੂੰ ਮਹਾਨ ਕੰਮ ਕਰਕੇ ਜਾਣੈ ਜੱਗ ਤੋਂ!" ਅਮਨ ਇੱਕ ਦਿਨ ਆਪਣੇ ਇੱਕ ਦੋਸਤ ਕੋਲ ਕਹਿ ਰਿਹਾ ਸੀ।

ਅਮਨ ਦੀ ਗੱਲ ਸੁਣਕੇ ਰੁਪਿੰਦਰ ਤੋਂ ਚੁੱਪ ਨਾ ਰਿਹਾ ਗਿਆ ਤੇ ਉਸ ਨੇ ਆਪਣਾ ਗੁਬਾਰ ਰਾਣੀ ਕੋਲ ਕੱਢਿਆ। "ਏਹ ਮੁੰਡਾ ਗਲਤ ਰਾਹ ਤੇ ਤੁਰ ਪਿਐ, ਮੈਂ ਤੈਨੂੰ ਦੱਸਾਂ!" ਉਸ ਦੀਆਂ ਗੱਲਾਂ ਸੁਣ ਕੇ ਰਾਣੀ ਹੱਸ ਪਈ ਸੀ, "ਭਗਤ ਸਿੰਘ ਤਾਂ ਫੈਸ਼ਨ ਬਣ ਗਿਐ ਅੱਜ-ਕੱਲ੍ਹ!"

ਜਦੋਂ ਤੋਂ ਅਮਨ ਦੀ ਥਾਣੇ 'ਚ ਸ਼ਿਕਾਇਤ ਵਾਲੀ ਘਟਨਾ ਹੋਈ ਸੀ, ਰੁਪਿੰਦਰ, ਰਾਣੀ ਰਾਹੀਂ ਹੀ ਉਸ ਨਾਲ ਗੱਲ ਕਰਨ 'ਚ ਭਲਾਈ ਸਮਝਦਾ ਸੀ। ਅਮਨ ਬਜ਼ਾਰ 'ਚ ਕਿਸੇ ਮੁੰਡੇ ਨਾਲ ਲੜ ਪਿਆ ਸੀ ਤੇ ਮਾਮਲਾ ਥਾਣੇ ਪਹੁੰਚ ਗਿਆ ਸੀ। ਬੜੀ ਮੁਸ਼ਕਿਲ ਰਾਜ਼ੀਨਾਮਾ ਹੋਇਆ ਸੀ।

ਘਰ ਪਹੁੰਚ ਕੇ ਰੁਪਿੰਦਰ ਨੇ ਅਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, "ਕੀ ਲੋੜ ਸੀ ਤੈਨੂੰ ਪੰਗਾ ਲੈਣ ਦੀ? ......."

"........ ਅੱਖਾਂ ਕਿਵੇਂ ਕੱਢਦਾ ਸੀ ਉਹ!.......", ਅੱਗੋਂ ਅਮਨ ਜਿਵੇਂ ਭਰਿਆ-ਪੀਤਾ ਬੈਠਾ ਸੀ, "......... ਮੈਥੋਂ ਨੀ ਧੌਂਸ ਝੱਲੀ ਜਾਂਦੀ ਕਿਸੇ ਦੀ!" ਅਮਨ 'ਚੋਂ ਰੁਪਿੰਦਰ ਨੂੰ ਚਾਚੇ ਦਾ ਝਲਕਾਰਾ ਪਿਆ ਸੀ।........

ਉਦੋਂ ਰੁਪਿੰਦਰ ਚੌਥੀ ’ਚ ਪੜ੍ਹਦਾ ਸੀ।........

"ਕਿਹੜੀ ਮਾਂ ਦਾ ਦੁੱਧ ਪੀਤੈ, ਤੈਂ, ਜ਼ੋਰਾ ਸਿੰਹਾਂ! ਦੁਸ਼ਮਣ ਥੋਡੇ ਸੀਨੇ ਤੋਂ ਟੱਪ ਕੇ ਲੰਘ ਗਿਆ, ਤੇ ਖੂਨ ਤੱਕ ਨੀ ਖੌਲਿਆ ਥੋਡੇ ਵਰਗਿਆਂ ਦਾ।" ਡੈਡੀ ਅੱਗੇ ਅੱਖ ਤੱਕ ਨਾ ਚੁੱਕਣ ਵਾਲਾ ਚਾਚਾ ਹੌਲੀ-ਹੌਲੀ ਬਰਾਬਰ ਬੋਲਣ ਲੱਗ ਪਿਆ ਸੀ।

ਅਖੀਰ ਚਾਚਾ ਘਰੋਂ ਦੌੜ ਗਿਆ ਸੀ। ਕਈ ਵਾਰ ਉਹ ਡੈਡੀ ਦੀ ਗੈਰਹਾਜ਼ਰੀ 'ਚ ਰੁਪਿੰਦਰ ਨੂੰ ਵੇਖਣ ਆ ਜਾਂਦਾ ਸੀ। "ਚਾਚੇ ਦੇ ਹੁੰਦੇ ਮੇਰੇ ਸ਼ੇਰ ਨੂੰ ਕਿਸੇ ਤੋਂ ਡਰਨ ਦੀ ਲੋੜ ਨੀ!" ਚਾਚਾ ਤਾਂ ਭਾਵੇਂ ਕਹਿ ਦਿੰਦਾ ਪਰ ਪਹਿਲਾਂ ਵਾਂਗੂੰ ਸਾਈਕਲ ਤੇ ਘੁਮਾਉਣ ਦੀ ਥਾਂ ਉਸ ਦਾ ਇਸ ਤਰ੍ਹਾਂ ਮਿਲਣਾ ਕਈ ਵਾਰ ਰੁਪਿੰਦਰ ਨੂੰ ਡਰਾ ਦਿੰਦਾ ਸੀ।

"ਕਰਤਾਰਿਆ! ਰਾਜੇ, ਮਹੌਲ ਠੀਕ ਨੀ.......... ਬਚਕੇ ਰਿਹਾ ਕਰ!........ ਘਰ ਮੁੜ ਆ, ਮੈਂ ਤਾਂ ਕਹਿਨੀ ਆਂ!" ਮੰਮੀ ਚਾਚੇ ਨੂੰ ਸਮਝਾਉਂਦਿਆਂ ਥੱਕ ਗਈ ਸੀ।

78/ਪਾਕਿਸਤਾਨੀ