ਪਾਕਿਸਤਾਨੀ
ਫੋਨ ਦਾ ਰਿਸੀਵਰ ਰੱਖਦਿਆਂ ਹੀ ਜਾਵੇਦ ਕੁਰਸੀ ਤੇ ਨਿਢਾਲ ਜਿਹਾ ਹੋ ਕੇ ਬੈਠ ਗਿਆ। ਥੋੜ੍ਹੀ ਦੇਰ ਬਾਅਦ ਉਸਨੇ ਆਪਣੇ ਗੁੱਟ ਤੇ ਲੱਗੀ ਘੜੀ ਵੱਲ ਵੇਖਿਆ। "ਦਾਦਰ ਐਕਸਪ੍ਰੈਸ ਤਾਂ ਕੋਈ ਸਾਢੇ ਬਾਰਾਂ-ਇੱਕ ਵਜੇ ਪਹੁੰਚੂ!" ਸੋਚ ਉਹ ਬੇਫਿਕਰ ਜਿਹਾ ਹੋ ਗਿਆ। ਥੋੜ੍ਹੀ ਦੇਰ ਬਾਅਦ ਉਸਨੇ ਅਖ਼ਬਾਰ ਚੁੱਕ ਲਿਆ। ਸਾਰਾ ਅਖ਼ਬਾਰ ਤਾਂ ਉਹ ਪਹਿਲਾਂ ਹੀ ਪੜ੍ਹ ਚੁੱਕਿਆ ਸੀ। ਪਿੱਛੋਂ ਸ਼ੁਰੂ ਕਰ ਅਖ਼ਬਾਰ ਦੇ ਪੰਨੇ ਫਰੋਲਦਿਆਂ ਉਹ ਪਹਿਲੇ ਪੰਨੇ ਤੇ ਪਹੁੰਚ ਗਿਆ। ਬਾਬਰੀ ਮਸਜਿਦ ਦਾ ਮੁੱਦਾ, ਕਸ਼ਮੀਰ ਦਾ ਰੌਲਾ, ਓਸਾਮਾ-ਬਿਨ-ਲਾਦੇਨ ਦੀ ਦਹਿਸ਼ਤਗਰਦੀ! ਸੁਰਖ਼ੀਆਂ ਦੀਆਂ ਸੁਰਖੀਆਂ ਨੇ ਉਸਦੇ ਮਨ ਨੂੰ ਬੇਚੈਨ ਕਰ ਦਿੱਤਾ। ਦੰਦ ਕਿਰਚਦਿਆਂ ਉਸਨੇ ਅਖ਼ਬਾਰ ਤੋੜ-ਮਰੋੜ ਕੇ ਪਰ੍ਹਾਂ ਵਗਾਹ ਮਾਰਿਆ।
"ਸਮਝ ਨੀ ਆਉਂਦੀ ਟਾਇਮ ਕਿਵੇਂ ਪਾਸ ਕਰਾਂ!" ਸੋਚਦਿਆਂ ਉਹ ਇਧਰਉਧਰ ਵੇਖਣ ਲੱਗ ਪਿਆ। ਉਸਨੂੰ ਆਪਣੇ ਕਰਨ ਲਈ ਕੋਈ ਕੰਮ ਨਾ ਲੱਭਿਆ। ਲਗਭਗ ਆਪਣਾ ਸਾਰਾ ਕੰਮ ਤਾਂ ਉਹ ਪਹਿਲਾਂ ਹੀ ਨਿਪਟਾ ਚੁੱਕਿਆ ਸੀ।
ਸਵੇਰੇ ਉੱਠ ਕੇ ਉਸਨੇ ਫਜਰ ਦੀ ਨਮਾਜ਼ ਪੜ੍ਹੀ ਸੀ। ਫਿਰ ਥੋੜ੍ਹੀ ਜਿਹੀ ਕਸਰਤ ਕਰਨ ਤੋਂ ਬਾਅਦ ਨਹਾ ਧੋ ਕੇ ਕੱਪੜੇ ਪਾਏ। ਨਾਸ਼ਤਾ ਕਰਨ ਤੋਂ ਬਾਅਦ ਅਖ਼ਬਾਰ ਪੜ੍ਹਕੇ ਹਾਲੀਂ ਕੁਰਸੀ ਨਾਲ ਢਾਹ ਲਾ ਕੇ ਬੈਠਿਆ ਹੀ ਸੀ ਕਿ ਟੈਲੀਫੋਨ ਦੀ ਘੰਟੀ ਵੱਜ ਪਈ। ਢਿੱਲੋਂ ਦਾ ਫੋਨ ਸੀ। ਅੱਜ ਉਹ ਦਾਦਰ ਐਕਸਪ੍ਰੈਸ ਰਾਹੀਂ ਉਸਨੂੰ ਮਿਲਣ ਮਲੇਰਕੋਟਲੇ ਆ ਰਿਹਾ ਸੀ। ਜਾਵੇਦ ਨੇ ਉਸਨੂੰ ਸਟੇਸ਼ਨ ਤੋਂ ਲੈਣ ਜਾਣਾ ਸੀ।
ਐਤਵਾਰ ਹੋਣ ਕਰਕੇ ਅੱਜ ਕਲੀਨਿਕ ਵੀ ਬੰਦ ਸੀ। ਅੰਮੀ ਅਤੇ ਨਾਵੇਦ ਬਾਹਰ ਗਏ ਹੋਏ ਸਨ। ਇਸੇ ਕਰਕੇ ਜਾਵੇਦ ਨੂੰ ਬੋਰੀਅਤ ਮਹਿਸੂਸ ਹੋ ਰਹੀ ਸੀ।
ਅਖ਼ੀਰ ਜਦੋਂ ਉਸਨੂੰ ਕੁਝ ਵੀ ਨਾ ਸੁੱਝਿਆ ਤਾਂ ਉਸਨੇ ਕੁਰਸੀ ਦੀ ਪਿੱਠ ਦੇ ਉਪਰਲੇ ਪਾਸੇ ਪਿੱਛੇ ਵੱਲ ਨੂੰ ਸਿਰ ਸੁੱਟ ਕੇ ਅੱਖਾਂ ਬੰਦ ਕਰ ਲਈਆਂ। ਉਸਦੇ ਸਾਹਮਣੇ ਢਿੱਲੋਂ ਦਾ ਚਿਹਰਾ ਘੁੰਮਣ ਲੱਗਿਆ। ਗੋਰਾ ਰੰਗ, ਗੋਲ ਚਿਹਰਾ, ਹਲਕੀਆਂ-ਹਲਕੀਆਂ ਦਾੜ੍ਹੀ-ਮੁੱਛਾਂ, ਲੰਮਾ ਕੱਦ! ਸ਼ੌਕੀਨ ਵੀ ਅੰਤਾਂ ਦਾ! ਅੱਧਾ-ਅੱਧਾ ਘੰਟਾ ਤਾਂ ਉਹ ਪੱਗ ਦੇ ਪੇਚਾਂ ਤੇ ਹੀ ਲਾ ਛੱਡਦਾ! ਉਸਦਾ ਪੂਰਾ ਨਾਂ ਤਾਂ ਮਨਦੀਪ ਸਿੰਘ ਢਿੱਲੋਂ ਸੀ, ਪਰ ਸਾਰਾ ਹੋਸਟਲ ਉਸਨੂੰ ‘ਢਿੱਲੋਂ ਸਾਹਬ' ਕਹਿ ਕੇ ਬੁਲਾਉਂਦਾ ਸੀ। ਜਾਵੇਦ ਤਾਂ ਉਸਨੂੰ ਸਿਰਫ਼ ‘ਢਿੱਲੋਂ' ਹੀ ਕਹਿੰਦਾ ਸੀ। ਉਹ ਵੀ ਜਾਵੇਦ ਨੂੰ ਜਾਵੇਦ ਫਾਰੂਕੀ ਦੀ ਥਾਂ ‘ਜਾਵੇਦ ਮੀਆਂਦਾਦ' ਕਿਹਾ ਕਰਦਾ ਸੀ। ਕਈ ਵਾਰ ‘ਪਾਕਿਸਤਾਨੀਂ' ਵੀ ਕਹਿ ਦਿੰਦਾ ਸੀ।
1/ਪਾਕਿਸਤਾਨੀ