ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/12

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਵੀ ਇਹੀ ਹਾਲ ਸੀ। ਉਹ ਇਸ ਤਰ੍ਹਾਂ ਇਹਨਾਂ ਦੇ ਪਿਛੇ ਪੈਂਦਾ ਕਿ ਜਿੰਨੀ ਦੇਰ ਉਸਦੀ ਤਾਰੀਫ ਨਾ ਹੋਣ ਲਗ ਪੈਂਦੀ ਤੇ ਜਿੰਨੀ ਦੇਰ ਉਸਨੂੰ ਮਿਸਾਲ ਵਜੋਂ ਨਾ ਪੇਸ਼ ਕੀਤਾ ਜਾਣ ਲਗ ਪੈਂਦਾ ਉਹ ਇਹਨਾਂ ਦਾ ਪਿੱਛਾ ਨਾ ਛਡਦਾ। ਇਕ ਚੀਜ਼ ਵਿਚ ਕਮਾਲ ਹਾਸਲ ਕਰਨ ਤੋਂ ਪਿਛੋਂ ਉਹ ਦੂਸਰੀ ਵੱਲ ਧਿਆਨ ਦਿੰਦਾ। ਇਸੇ ਤਰ੍ਹਾਂ ਉਸਨੇ ਪੜ੍ਹਨ ਲਿਖਣ ਵਿਚ ਪਹਿਲਾ ਦਰਜਾ ਹਾਸਲ ਕੀਤਾ ਅਤੇ ਇਸੇ ਤਰ੍ਹਾਂ ਹੀ, ਸੈਨਿਕ ਸਕੂਲ ਦੇ ਦਿਨਾਂ ਵਿਚ, ਇਕ ਵੇਰਾਂ ਫਰਾਂਸੀਸੀ ਵਿਚ ਗੱਲਾਂ ਕਰਦੇ ਸਮੇਂ ਕੁਝ ਪਰੇਸ਼ਾਨੀ ਅਨੁਭਵ ਹੋਣ ਕਰਕੇ ਉਸਨੇ ਫਰਾਂਸੀਸੀ ਵਿਚ ਵੀ ਰੂਸੀ ਭਾਸ਼ਾ ਦੀ ਤਰ੍ਹਾਂ ਅਧਿਕਾਰ ਹਾਸਲ ਕਰਕੇ ਹੀ ਚੈਨ ਲਿਆ ਸੀ। ਇਸੇ ਤਰ੍ਹਾਂ ਮਗਰੋਂ ਜਦੋਂ ਸ਼ਤਰੰਜ ਵਿਚ ਉਸਦੀ ਦਿਲਚਸਪੀ ਹੋਈ ਤਾਂ ਸਕੂਲ ਦੇ ਦਿਨਾਂ ਵਿਚ ਹੀ ਉਹ ਉਸਦਾ ਸ਼ਾਨਦਾਰ ਖਿਡਾਰੀ ਬਣ ਗਿਆ ਸੀ।

ਜ਼ਾਰ ਤੇ ਮਾਤ-ਭੂਮੀ ਦੀ ਸੇਵਾ ਕਰਨ ਦੇ ਆਮ ਜੀਵਨ-ਨਿਸ਼ਾਨੇ ਦੇ ਇਲਾਵਾ ਕੋਈ ਨਾ ਕੋਈ ਹੋਰ ਟੀਚਾ ਹਮੇਸ਼ਾ ਉਸਦੇ ਸਾਹਮਣੇ ਰਹਿੰਦਾ। ਉਹ ਟੀਚਾ ਭਾਵੇਂ ਕਿੰਨਾਂ ਵੀ ਮਾਮੂਲੀ ਕਿਉਂ ਨਾ ਹੁੰਦਾ, ਉਹ ਆਪਣੇ ਆਪ ਨੂੰ ਉਸ ਵਿਚ ਪੂਰੀ ਤਰ੍ਹਾਂ ਡੁਬੋ ਦਿੰਦਾ ਤੇ ਉਸਨੂੰ ਪੂਰਾ ਕਰਕੇ ਹੀ ਛੱਡਦਾ। ਉਸ ਟੀਚੇ ਤੇ ਪੂਰਾ ਹੁੰਦਿਆਂ ਹੀ ਕੋਈ ਨਵਾਂ ਟੀਚਾ ਉਸ ਦੇ ਸਾਮ੍ਹਣੇ ਉਤਰ ਆਉਂਦਾ ਅਤੇ ਪਹਿਲੇ ਦੀ ਜਗ੍ਹਾ ਲੈ ਲੈਂਦਾ। ਆਪਣੇ ਆਪ ਨੂੰ ਦੂਸਰਿਆਂ ਤੋਂ ਵਿਲੱਖਣ ਦਿਖਾਉਣ ਤੇ ਇਸ ਲਈ ਆਪਣੇ ਸਾਹਮਣੇ ਰਖੇ ਟੀਚੇ ਦੀ ਪੂਰਤੀ ਲਈ ਯਤਨ ਹੀ ਉਸਦੇ ਜੀਵਨ ਦਾ ਤੱਤ ਸੀ। ਅਤੇ ਅਫਸਰ ਬਣਦਿਆਂ ਹੀ ਉਸਨੇ ਆਪਣੇ ਕੰਮ ਵਿਚ ਕਮਾਲ ਹਾਸਲ ਕਰਨ ਦਾ ਟੀਚਾ ਬਣਾਇਆ ਤੇ ਜਲਦੀ ਹੀ ਆਦਰਸ਼ਕ ਅਫਸਰ ਬਣ ਗਿਆ। ਗੁੱਸੇ ਵਿਚ ਆਪਣੇ ਆਪ ਤੋਂ ਬਾਹਰ ਹੋ ਜਾਣ ਦੀ ਉਸਦੀ ਕਮਜ਼ੋਰੀ ਬਣੀ ਰਹੀ, ਜਿਹੜੀ ਇਥੇ ਵੀ ਪਹਿਲਾਂ ਵਾਂਗ ਹੀ ਉਸ ਕੋਲੋਂ ਬੇਹੂਦਾ ਹਰਕਤਾਂ ਕਰਵਾ ਦਿੰਦੀ ਅਤੇ ਉਸਦੇ ਕੰਮਾਂ ਦੀ ਸਫਲਤਾ ਵਿਚ ਰੁਕਾਵਟ ਪਾਉਂਦੀ ਸੀ। ਫਿਰ ਇਕ ਦਿਨ ਸੁਸਾਇਟੀ ਮਹਿਫ਼ਲਾਂ ਵਿਚ ਗੱਲਾਂ-ਬਾਤਾਂ ਦੇ ਦੌਰਾਨ ਉਸਨੂੰ ਆਪਣੇ ਵਿਦਿਅਕ ਪਿਛੋਕੜ ਵਿਚਲੀਆਂ ਕਮੀਆਂ ਦਾ ਅਹਿਸਾਸ ਹੋਇਆ, ਕਿਤਾਬਾਂ ਲੈ ਕੇ ਬੈਠ ਗਿਆ ਅਤੇ ਜੋ ਕੁਝ ਚਾਹੁੰਦਾ ਸੀ, ਉਹ ਪ੍ਰਾਪਤ ਕਰ ਲਿਆ। ਇਸ ਤੋਂ ਮਗਰੋਂ ਉਸਨੇ ਉੱਚੇ ਸਮਾਜ ਵਿਚ ਚਮਕਣਾ ਚਾਹਿਆ, ਨੱਚਣ ਵਿਚ ਕਮਾਲ ਹਾਸਲ ਕਰ ਲਿਆ ਤੇ ਜਲਦੀ ਹੀ ਉੱਚੇ ਸਮਾਜ ਦੀਆਂ ਸਾਰੀਆਂ ਨਾਚ-ਪਾਰਟੀਆਂ ਵਿਚ ਤੇ ਕੁਝ ਖਾਸ ਮਹਿਫਲਾਂ ਵਿਚ ਵੀ ਉਸਨੂੰ ਸੱਦਾ ਦਿੱਤਾ ਜਾਣ ਲੱਗਾ। ਪਰ ਆਪਣੀ ਇਸ ਸਥਿਤੀ ਉਤੇ ਉਸਨੂੰ ਸੰਤੁਸ਼ਟਤਾ ਨਾ ਮਿਲੀ। ਉਹ ਤਾਂ ਸਾਰਿਆਂ ਤੋਂ ਅੱਗੇ ਰਹਿਣ ਦਾ ਆਦੀ ਹੋ ਚੁਕਿਆ ਸੀ ਅਤੇ ਇਸ ਮਾਮਲੇ ਵਿਚ ਇਹ ਦੂਸਰਿਆਂ ਤੋਂ ਕਿਤੇ ਪਿਛੇ ਸੀ।

ਉਨ੍ਹੀਂ ਦਿਨੀਂ ਉੱਚੇ ਸਮਾਜ ਵਿਚ ਚਾਰ ਤਰ੍ਹਾਂ ਦੇ ਲੋਕ ਸਨ। ਮੇਰੇ ਖਿਆਲ ਵਿਚ ਹਮੇਸ਼ਾ ਤੇ ਹਰ ਜਗ੍ਹਾ ਹੀ ਉਸ ਵਿਚ ਚਾਰ ਤਰ੍ਹਾਂ ਦੇ ਲੋਕ ਹੁੰਦੇ ਹਨ: (1) ਧਨੀ

6