ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਹਾਂ।"

"ਹਾਂ ਨੂੰ ਕਿਹਾ ਸੀ ਕਿ, "ਉਹ ਉਲਝਣ ਵਿਚ ਪੈ ਗਿਆ, ਉਸਨੂੰ ਲਗਾ ਕਿ ਉਹ ਕੁਝ ਜ਼ਿਆਦਾ ਹੀ ਅਗੇ ਵਧਦਾ ਜਾ ਰਿਹਾ ਹੈ, "ਤੂੰ ਕਿਹਾ ਸੀ ਕਿ ਮੈਨੂੰ ਤੂੰ ਪਿਆਰ ਕਰਨ ਲਗ ਪਈ ਹੈ, ਮੈਂ ਯਕੀਨ ਕਰਦਾ ਹਾਂ ਕਿ ਇਹ ਠੀਕ ਹੈ, ਪਰ ਤੂੰ ਮੈਨੂੰ ਮੁਆਫ ਕਰੀਂ, ਇਸ ਤਰ੍ਹਾਂ ਲਗਦਾ ਹੈ ਕਿ ਇਸਦੇ ਇਲਾਵਾ ਕੁਝ ਹੋਰ ਵੀ ਹੈ, ਜੋ ਤੈਨੂੰ ਪ੍ਰੇਸ਼ਾਨ ਕਰਦਾ ਹੈ, ਫਿਕਰਮੰਦ ਕਰਦਾ ਹੈ, ਉਹ ਕੀ ਏ?"

"ਹਾਂ, ਜਾਂ ਤਾਂ ਹੁਣੇ ਹੀ ਜਾਂ ਫਿਰ ਕਦੇ ਵੀ ਨਹੀਂ," ਮੇਰੀ ਨੇ ਮਨ ਹੀ ਮਨ ਵਿਚ ਸੋਚਿਆ। "ਪਤਾ ਤਾਂ ਉਸਨੂੰ ਹਰ ਹਾਲਤ ਵਿਚ ਹੀ ਲਗ ਜਾਏਗਾ। ਪਰ ਉਹ ਹੁਣ ਮੈਨੂੰ ਠੁਕਰਾ ਕੇ ਕਿਤੇ ਜਾਏਗਾ ਨਹੀਂ। ਉਫ, ਪਰ ਜੇ ਉਹ ਚਲਾ ਗਿਆ ਤਾਂ ਗਜ਼ਬ ਹੋ ਜਾਏਗਾ!"

ਉਸਨੇ ਬੜੇ ਪਿਆਰ ਨਾਲ ਉਸਦੇ ਲੰਮੇ, ਰਿਸ਼ਟ-ਪੁਸ਼ਟ ਤੇ ਪ੍ਰਭਾਵਸ਼ਾਲੀ ਵਿਅਕਤਿਤਵ ਵਲ ਨਜ਼ਰ ਮਾਰੀ। ਹੁਣ ਉਹ ਨਿਕੋਲਾਈ ਦੀ ਤੁਲਨਾ ਵਿਚ ਉਸ ਨੂੰ ਜ਼ਿਆਦਾ ਪਿਆਰ ਕਰਦੀ ਸੀ ਤੇ ਜੇ ਉਹ ਸਮਰਾਟ ਨਾ ਹੁੰਦਾ ਤਾਂ ਇਸਦੀ ਜਗ੍ਹਾ ਉਸਨੂੰ ਕਦੀ ਵੀ ਸਵੀਕਾਰ ਕਰਨ ਨੂੰ ਤਿਆਰ ਨਾ ਹੁੰਦੀ।

"ਲਓ ਸੁਣੋ ਫਿਰ। ਮੈਂ ਝੂਠ ਨਹੀਂ ਬੋਲ ਸਕਦੀ। ਮੈਨੂੰ ਸਭ ਕੁਝ ਦੱਸ ਹੀ ਦੇਣਾ ਚਾਹੀਦਾ ਹੈ। ਤੁਸੀਂ ਪੁੱਛੋਗੇ ਕਿ ਉਹ ਕੀ ਹੈ? ਉਹ ਇਹ ਹੈ ਕਿ ਮੈਂ ਪਹਿਲਾਂ ਪਿਆਰ ਕਰ ਚੁਕੀ ਹਾਂ।" ਉਸ ਨੇ ਆਪਣਾ ਹੱਥ ਇਸ ਤਰ੍ਹਾਂ ਉਸਦੇ ਹੱਥ ਉਤੇ ਰਖਿਆ ਜਿਵੇਂ ਕਿ ਮਿੰਨਤ ਕਰ ਰਹੀ ਹੋਵੇ।

ਕਸਾਤਸਕੀ ਚੁੱਪ ਰਿਹਾ।

"ਤੁਸੀਂ ਜਾਨਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ? ਸਮਰਾਟ ਨਾਲ।"

"ਉਹਨਾਂ ਨੂੰ ਤਾਂ ਅਸੀਂ ਸਾਰੇ ਪਿਆਰ ਕਰਦੇ ਹਾਂ। ਮੇਰਾ ਖਿਆਲ ਹੈ ਕਿ ਤੁਸੀਂ ਕਾਲਜ ਦੇ ਦਿਨਾਂ ਵਿਚ..."

"ਨਹੀਂ, ਉਸ ਤੋਂ ਮਗਰੋਂ। ਇਹ ਨਿਰਾ ਪਾਗਲਪਨ ਸੀ, ਪਰ ਪਿਛੋਂ ਸਭ ਖਤਮ ਹੋ ਗਿਆ। ਪਰ ਮੇਰੇ ਲਈ ਇਹ ਦਸਣਾ ਜ਼ਰੂਰੀ ਹੈ ਕਿ...."

"ਪਰ, ਇਸ ਵਿਚ ਕਿਹੜੀ ਗੱਲ ਏ?"

"ਨਹੀਂ, ਇਹ ਮਾਮੂਲੀ ਗੱਲ ਨਹੀਂ ਸੀ।" ਉਸਨੇ ਹੱਥਾਂ ਨਾਲ ਮੂੰਹ ਢੱਕ ਲਿਆ।

"ਤੁਹਾਡਾ ਮਤਲਬ ਹੈ ਕਿ ਤੁਸੀਂ ਆਪਣਾ ਆਪ ਉਸਦੇ ਹਵਾਲੇ ਕਰ ਦਿਤਾ ਸੀ?"

ਉਹ ਚੁੱਪ ਰਹੀ।

"ਪ੍ਰੇਮਿਕਾ ਦੇ ਰੂਪ ਵਿਚ?"

10