ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/26

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਭਾਲ ਲਈ ਦਿਤਾ, ਪਰ ਪਿਛੋਂ ਸੇਰਗਈ ਦੀ ਇੱਛਾ ਅਨੁਸਾਰ ਉਸਨੂੰ ਇਕੱਲਿਆਂ ਛੱਡ ਦਿਤਾ ਗਿਆ। ਕੋਠੜੀ ਪਹਾੜ ਵਿਚ ਖੋਦੀ ਹੋਈ ਗੁਫਾ ਸੀ। ਇਲਾਰੀਉਨ ਨੂੰ ਉਥੇ ਹੀ ਦਫਨਾਇਆ ਗਿਆ ਸੀ। ਪਿਛਲੇ ਹਿੱਸੇ ਵਿਚ ਇਲਾਰੀਉਨ ਦੀ ਕਬਰ ਸੀ ਤੇ ਅਗਲੇ ਹਿੱਸੇ ਵਿਚ ਸੌਣ ਲਈ ਇਕ ਆਲਾ ਸੀ, ਜਿਸ ਵਿਚ ਘਾਹ-ਫੂਸ ਦਾ ਗੱਦਾ ਵਿਛਿਆ ਹੋਇਆ ਸੀ, ਛੋਟੀ ਜਿਹੀ ਮੇਜ਼ ਸੀ ਤੇ ਇਕ ਸ਼ੈਲਫ ਉਤੇ ਦੇਵ-ਮੂਰਤੀਆਂ ਤੇ ਕਿਤਾਬਾਂ ਰਖੀਆਂ ਹੋਈਆਂ ਸਨ। ਕੋਠੜੀ ਦੇ ਬਾਹਰਲੇ ਦਰਵਾਜ਼ੇ ਨੂੰ ਤਾਲਾ ਲਾਇਆ ਜਾ ਸਕਦਾ ਸੀ ਤੇ ਉਸਦੇ ਪਾਸ ਹੀ ਇਕ ਸ਼ੈਲਫ ਸੀ, ਜਿਸ ਉਤੇ ਕੋਈ ਸ਼ਾਧੂ ਦਿਨ ਵਿਚ ਇਕ ਵਾਰ ਮਠ ਤੋਂ ਭੋਜਨ ਲਿਆ ਕੇ ਰੱਖ ਦਿੰਦਾ ਸੀ।

ਇਸ ਤਰ੍ਹਾਂ ਪਾਦਰੀ ਸੇਰਗਈ ਏਕਾਂਤਵਾਸੀ ਹੋ ਗਿਆ।

4

ਸੇਰਗਈ ਦੇ ਇਕਾਂਤਵਾਸ ਦੇ ਛੇਵੇਂ ਸਾਲ ਵਿਚ ਸ਼ਰਵਟਾਇਡ ਤਿਉਹਾਰ ਦੇ ਮੌਕੇ ਉਤੇ ਨੇੜਲੇ ਸ਼ਹਿਰ ਦੇ ਕੁਝ ਧਨੀ ਲੋਕ ਮੌਜ-ਮੇਲਾ ਮਨਾਉਣ ਲਈ ਇਕੱਠੇ ਹੋਏ। ਰੂਸੀ ਪੂੜਿਆਂ ਤੇ ਸ਼ਰਾਬ ਦੀ ਦਾਅਵਤ ਤੋਂ ਪਿਛੋਂ ਸਾਰੇ ਆਦਮੀ ਤੇ ਔਰਤਾਂ ਸਲੈਜਾਂ ਵਿਚ ਸੈਰ-ਸਪਾਟੇ ਲਈ ਚੱਲ ਪਏ। ਇਹਨਾਂ ਵਿਚ ਦੋ ਵਕੀਲ ਸਨ, ਇਕ ਧਨਾਢ ਜ਼ਿਮੀਂਦਾਰ, ਇਕ ਅਫਸਰ ਤੇ ਚਾਰ ਔਰਤਾਂ ਸਨ। ਇਕ ਅਫਸਰ ਦੀ ਅਤੇ ਦੁਸਰੀ ਜ਼ਿਮੀਂਦਾਰ ਦੀ ਬੀਵੀ ਸੀ, ਤੀਸਰੀ ਜ਼ਿਮੀਂਦਾਰ ਦੀ ਕੁਆਰੀ ਭੈਣ ਤੇ ਚੌਥੀ ਇਕ ਬਹੁਤ ਹੀ ਸੋਹਣੀ ਤੇ ਧਨਾਢ ਔਰਤ ਸੀ। ਜਿਸਦਾ ਤਲਾਕ ਹੋ ਚੁਕਾ ਸੀ। ਉਹ ਬੜੀ ਅਜੀਬ ਜਿਹੀ ਔਰਤ ਸੀ ਤੇ ਆਪਣੇ ਰੰਗ-ਢੰਗ ਨਾਲ ਸ਼ਹਿਰਵਾਸੀਆਂ ਨੂੰ ਚਕ੍ਰਿਤ ਕਰਦੀ ਰਹਿੰਦੀ ਸੀ ਤੇ ਸਨਸਨੀ ਪੈਦਾ ਕਰਦੀ ਰਹਿੰਦੀ ਸੀ।

ਮੌਸਮ ਬਹੁਤ ਹੀ ਸੁਹਾਵਣਾ ਸੀ, ਸੜਕ ਸਾਫ ਸਪਾਟ ਸੀ। ਸ਼ਹਿਰ ਤੋਂ ਕੋਈ ਦਸ ਕੁ ਵਰਸਟ ਦੂਰ ਉਹਨਾਂ ਨੇ ਸਲੈੱਜਾਂ ਰੋਕੀਆਂ ਤੇ ਇਹ ਸਲਾਹ ਕਰਨ ਲਗੇ-ਅੱਗੇ ਚਲਿਆ ਜਾਏ ਜਾਂ ਵਾਪਸ।

"ਇਹ ਸੜਕ ਕਿਹੜੇ ਪਾਸੇ ਜਾਂਦੀ ਹੈ?" ਤਲਾਕ-ਸ਼ੁਦਾ ਸੁੰਦਰੀ ਮਾਕੋਵਕੀਨਾ ਨੇ ਪੁੱਛਿਆ।

"ਤਾਮਬੀਨੋ, ਇਥੋਂ ਬਾਰ੍ਹਾਂ ਵਰਸਟ ਹੈ, " ਉਸ ਦੇ ਆਸ਼ਕ ਵਕੀਲ ਨੇ ਕਿਹਾ।

"ਉਸ ਤੋਂ ਪਿਛੋਂ?"

"ਉਸ ਤੋਂ ਪਿਛੋਂ ਇਹ ਸੜਕ ਮਠ ਦੇ ਕੋਲੋਂ ਦੀ ਲੰਘਦੀ ਹੋਈ ਜਾਂਦੀ ਹੈ।"

"ਉਸੇ ਮਠ ਦੇ ਕੋਲੋਂ ਦੀ ਜਿਥੇ ਇਹ ਪਾਦਰੀ ਸੈਰਰਈ ਰਹਿੰਦਾ ਹੈ।

20